ਤਾਜਾ ਖਬਰਾਂ
ਰਾਏਕੋਟ, 31 ਜੁਲਾਈ ( ਗੁਰਭਿੰਦਰ ਗੁਰੀ ) ਸਥਾਨਕ ਸ਼ਹਿਰ 'ਚ ਬੇ-ਸਹਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ। ਇਸ ਕਾਰਨ ਰਾਹਗੀਰਾਂ, ਬੱਚਿਆਂ ਤੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਆਵਾਰਾ ਪਸ਼ੂਆਂ ਦੇ ਮਲ-ਮੂਤਰ ਗੋਹੇ ਕਾਰਨ ਜਿੱਥੇ ਸ਼ਹਿਰ 'ਚ ਵੱਡੀ ਪੱਧਰ 'ਤੇ ਗੰਦਗੀ ਫੈਲ ਰਹੀ ਹੈ, ਉਥੇ ਹੀ ਇਨਾਂ ਦੀ ਵਜ੍ਹਾ ਕਾਰਨ ਕਈ ਵਾਰ ਭਿਆਨਕ ਹਾਦਸੇ ਹੋ ਜਾਂਦੇ ਹਨ, ਜਿਸ 'ਚ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਸਰਕਾਰ ਗਊ ਸੈੱਸ ਦੇ ਨਾਂ 'ਤੇ ਕਰੋੜਾਂ ਰੁਪਏ ਇਕੱਠੇ ਕਰ ਰਹੀ ਹੈ ਪਰ ਇਨਾਂ ਬੇ-ਸਹਾਰਾ ਪਸ਼ੂਆਂ ਦੀ ਕੋਈ ਸਾਂਭ-ਸੰਭਾਲ ਨਾ ਹੋਣ ਕਾਰਨ ਕਈ ਕੀਮਤੀ ਮਨੁੱਖੀ ਜਾਨਾਂ ਹਾਦਸਿਆਂ 'ਚ ਜਾ ਰਹੀਆਂ ਹਨ। ਸ਼ਹਿਰ ਦੇ ਤਲਵੰਡੀ ਬਾਜ਼ਾਰ ਦੇ ਕੁਝ ਦੁਕਾਨਦਾਰਾਂ ਦਾ ਕਹਿਣਾ ਕਿ ਬੇ-ਸਹਾਰਾ ਪਸ਼ੂ ਬਾਜ਼ਾਰਾਂ 'ਚ ਆਮ ਘੁੰਮਦੇ ਰਹਿੰਦੇ ਹਨ ਅਤੇ ਦੁਕਾਨਾਂ ਦੇ ਅੰਦਰ ਤੱਕ ਆ ਜਾਂਦੇ ਹਨ, ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਇਨਾਂ ਬੇ-ਸਹਾਰਾ ਪਸ਼ੂਆਂ ਦੇ ਮਲ-ਮੂਤਰ ਤੇ ਗੋਹੇ ਨਾਲ ਸ਼ਹਿਰ ਤੇ ਬਾਜ਼ਾਰਾਂ 'ਚ ਵੱਡੀ ਗਿਣਤੀ 'ਚ ਗੰਦਗੀ ਫੈਲੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬੇ-ਸਹਾਰਾ ਪਸ਼ੂ ਬਾਜ਼ਾਰ 'ਚ ਸਿੰਗਾਂ 'ਚ ਸਿੰਗ ਫ਼ਸਾ ਲੈਂਦੇ ਹਨ ਤੇ ਕਈ ਵਾਰ ਤਾਂ ਪਸ਼ੂ ਦੁਕਾਨਾਂ 'ਚ ਦਾਖ਼ਲ ਹੋ ਕੇ ਭਾਰੀ ਨੁਕਸਾਨ ਕਰ ਦਿੰਦੇ ਹਨ ਤੇ ਬਹੁਤੇ ਲੋਕ ਸੜਕ ਕਿਨਾਰਿਆਂ 'ਤੇ ਹਰਾ ਚਾਰਾ ਪਾ ਦਿੰਦੇ ਹਨ ਜੋ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਬੇ-ਸ਼ਹਾਰਾ ਪਸ਼ੂ ਹਰ ਗਲੀ-ਮੁਹੱਲੇ ਤੇ ਮੁੱਖ ਮਾਰਗਾਂ 'ਤੇ ਘੁੰਮਦੇ ਰਹਿੰਦੇ ਹਨ, ਜਿਸ ਨਾਲ ਭਿਆਨਕ ਹਾਦਸੇ ਵਾਪਰਨ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਤੇ ਬੇਸਹਾਰਾ ਪਸ਼ੂ ਵੀ ਗੰਭੀਰ ਜ਼ਖ਼ਮੀ ਹੋ ਕੇ ਮਰ ਜਾਂਦੇ ਹਨ ਪਰ ਪ੍ਰਸ਼ਾਸਨ ਵੱਲੋਂ ਇਨਾਂ ਦੀ ਸਾਂਭ-ਸੰਭਾਲ ਜਾਂ ਇਲਾਜ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਜਾਂਦਾ। ਉਨਾਂ ਦੱਸਿਆ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਤੋਂ ਬੱਚਿਆਂ ਤੇ ਬਜ਼ੁਰਗਾਂ ਪ੍ਰਤੀ ਹਰ ਸਮੇਂ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਜਿਸ ਨਾਲ ਭਿਆਨਕ ਹਾਦਸਿਆਂ ਦੇ ਹੋਣ ਤੋਂ ਰੋਕਿਆ ਜਾ ਸਕੇ ਤੇ ਹਰ ਸਾਲ ਜਾਂਦੀਆਂ ਮਨੁੱਖੀ ਜਾਨਾਂ ਦਾ ਬਚਾਅ ਹੋ ਸਕੇ ਪਰ ਪ੍ਰਸ਼ਾਸਨ ਇਸ ਸਮੱਸਿਆ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ।
Get all latest content delivered to your email a few times a month.