ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ, 31 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫਾਜ਼ਿਲਕਾ, ਫਿਰੋਜ਼ਪੁਰ ਤੇ ਮਾਨਸਾ ਜ਼ਿਲ੍ਹਿਆਂ ਵਿਚ ਭਾਰੀ ਬਰਸਾਤਾਂ ਕਾਰਨ ਨਰਮੇ ਤੇ ਝੋਨੇ ਦੇ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਦੇ ਹੁਕਮ ਦੇਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਭਾਰੀ ਬਰਸਾਤਾਂ ਕਾਰਨ ਜਿਹਨਾਂ ਦੇ ਘਰ ਡਿੱਗ ਗਏ ਹਨ, ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਲੰਬੀ ਵਿਚ ਹੜ੍ਹ ਮਾਰੇ ਪਿੰਡਾਂ ਦਾ ਦੌਰਾ ਕੀਤਾ, ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਖੇਤਾਂ ਤੇ ਮਕਾਨਾਂ ਵਿਚੋਂ ਹੜ੍ਹਾਂ ਦਾ ਪਾਦੀ ਕੱਢਣ ਵਾਸਤੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਨੁੰ ਕੋਈ ਹਦਾਇਤਾਂ ਨਹੀਂ ਦਿੱਤੀਆਂ। ਉਹਨਾਂ ਐਲਾਨ ਕੀਤਾ ਕਿ ਉਹ ਆਪਣੇ ਨਿੱਜੀ ਤੇ ਐਮ ਪੀ ਲੈਡ ਖਾਤਿਆਂ ਵਿਚੋ. ਇਸ ਵਾਸਤੇ ਫੰਡ ਦੇਣਗੇ ਤੇ ਉਹਨਾਂ ਅਕਾਲੀ ਵਰਕਰਾਂ ਨੁੰ ਆਖਿਆ ਕਿ ਉਹ ਪ੍ਰਭਾਵਤ ਪਿੰਡਾਂ ਵਿਚ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੇ ਦਵਾਈਆਂ ਦੇਣ ਤਾਂ ਜੋ ਬਿਮਾਰੀ ਫੈਲਣ ਤੋਂ ਰੋਕੀ ਜਾ ਸਕੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮਿੱਡਾ, ਲਾਲਬਾਈ, ਥਰਾਜਵਾਲਾ, ਪੱਕੀ ਟਿੱਬੀ, ਸਰਦਾਰ ਮੋਤਾ ਸਿੰਘ ਰਾਜਾ, ਬੋਧੀਵਾਲਾ ਖੜਕ ਸਿੰਘ, ਪੰਨੀਵਾਲਾ ਤੇ ਨਾਨਕਪੁਰਾ ਸਮੇਤ ਦਰਜਨ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਦੱਸਿਆ ਕਿ ਹਜ਼ਾਰਾਂ ਏਕੜ ਵਿਚ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਤੇ ਲੋਕ ਪਿਛਲੇ 15 ਦਿਨਾਂ ਤੋਂ ਸਰਕਾਰ ਤੋਂ ਰਾਹਤ ਦੀ ਉਡੀਕ ਕਰ ਰਹੇ ਹਨ। ਇਥੇ ਕੋਈ ਬਿਜਲੀ ਨਹੀਂ ਹੈ ਤੇ ਬਿਮਾਰੀਆਂ ਫੈਲ ਰਹੀਆਂ ਹਨ। ਹਾਲੇ ਵੀ ਪ੍ਰਭਾਵਤ ਇਲਾਕਿਆਂ ਵਿਚੋਂ ਪਾਣੀ ਕੱਢਣ ਵਾਸਤੇ ਕੱਖ ਨਹੀਂ ਕੀਤਾ ਜਾ ਰਿਹਾ।
ਸਰਦਾਰ ਬਾਦਲ ਨੇ ਮੌਜੂਦਾ ਸੰਕਟ ਲਈ ਸਰਕਾਰ ਨੂੰ ਦੋਸ਼ੀ ਠਹਿਰਾਇਆ ਤੇ ਕਿਹਾ ਕਿ ਮੌਨਸੂਨ ਦੀ ਆਮਦ ਤੋਂ ਪਹਿਲਾਂ ਡਰੇਨਾਂ ਦੀ ਸਫਾਈ ਵਾਸਤੇ ਕੋਈ ਯਤਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ ਚਾਰ ਮਹੀਨਿਆਂ ਵਿਚ ਸਿਰਫ ਗੱਲਾਂ ਨਾਲ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਹੈ ਜਦੋਂ ਕਿ ਚਿੱਟੀ ਮੱਖੀ ਦੇ ਹਮਲੇ ਕਾਰਨ ਨਰਮੇ ਦੇ ਹੋਏ ਨੁਕਸਾਨ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੇ ਮੂੰਗੀ ਦੀ ਪੈਦਾਵਾਰ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਸੀ ਤੇ ਘੱਟ ਤੋਂ ਘੱਟ 7275 ਰੁਪਏ ਪ੍ਰਤੀ ਕੁਇੰਟਲ ’ਤੇ ਖਰੀਦ ਦਾ ਭਰੋਸਾ ਦਿੱਤਾ ਸੀ ਪਰ ਕਿਸਾਨ ਆਪਣੀ ਮੂੰਗੀ ਦੀ ਫਸਲ 4500 ਤੋਂ ਲੈ ਕੇ 5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਵੇਚਣ ਲਈ ਲਈ ਮਜਬੂਰ ਹੋਏ ਹਨ।
Get all latest content delivered to your email a few times a month.