ਤਾਜਾ ਖਬਰਾਂ
ਚੰਡੀਗੜ੍ਹ, 30 ਜੂਨ:
ਪੰਜਾਬ ਪੁਲਿਸ ਨੇ ਖ਼ਾਲਿਸਤਾਨ ਲਿਬਰੇਸ਼ਨ ਫਰੰਟ (ਕੇ.ਐਲ.ਐਫ) ਦੇ 3 ਮੈਂਬਰਾਂ ਦੀ ਗ੍ਰਿਫ਼ਤਾਰੀ ਨਾਲ ਸਮਾਜ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਨੁਸਾਰ ਅੱਤਵਾਦੀ ਮਡਿਊਲ ਜਿਸ ਦਾ ਐਤਵਾਰ ਨੂੰ ਪਰਦਾਫਾਸ਼ ਕੀਤਾ ਗਿਆ ਸੀ, ਪਾਕਿਸਤਾਨ, ਸਾਊਦੀ ਅਰਬ ਅਤੇ ਯੂਕੇ ਅਧਾਰਤ ਖਾਲਿਸਤਾਨੀ ਪੱਖੀ ਅਨਸਰਾਂ ਦੇ ਇਸ਼ਾਰੇ `ਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਚੱਲ ਰਿਹਾ ਸੀ।
ਸ੍ਰੀ ਗੁਪਤਾ ਨੇ ਦੱਸਿਆ ਕਿ ਕਥਿਤ ਅੱਤਵਾਦੀਆਂ ਕੋਲੋਂ ਇਕ 32 ਬੋਰ ਪਿਸਤੌਲ ਅਤੇ 7 ਕਾਰਤੂਸ ਬਰਾਮਦ ਹੋਏ ਹਨ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਸੁਖਚੈਨ ਸਿੰਘ ਵਾਸੀ ਪਿੰਡ ਸੇਹਰਾ ਪੁਲੀਸ ਥਾਣਾ ਗੰਡਾ ਖੇੜੀ ਜ਼ਿਲ੍ਹਾ ਪਟਿਆਲਾ; ਅਮ੍ਰਿਤਪਾਲ ਸਿੰਘ ਵਾਸੀ ਪਿੰਡ ਅਚਾਨਕ ਪੁਲੀਸ ਥਾਣਾ ਬੋਹਾ ਜ਼ਿਲ੍ਹਾ ਮਾਨਸਾ; ਅਤੇ ਜਸਪ੍ਰੀਤ ਸਿੰਘ ਵਾਸੀ ਬੋਰੇਵਾਲ ਸੋਹਣ ਥਾਣਾ ਮਜੀਠਾ ਵਜੋਂ ਹੋਈ ਹੈ। ਇਨ੍ਹਾਂ ਦੇ ਇਕ ਹੋਰ ਸਾਥੀ ਲਵਪ੍ਰੀਤ ਸਿੰਘ ਵਾਸੀ ਕੈਥਲ ਨੂੰ ਹਾਲ ਹੀ ਵਿਚ ਦਿੱਲੀ ਪੁਲਿਸ ਨੇ ਕੇਐਲਐਫ ਦੇ ਹੋਰ ਮੈਂਬਰਾਂ ਸਮੇਤ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਦੱਸਿਆ ਕਿ ਤਿੰਨੋਂ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਦੇ ਸੰਪਰਕ ਵਿਚ ਆਏ ਸਨ।ਇਹ ਫਿਰ ਪਾਕਿਸਤਾਨ ਅਧਾਰਤ ਸੰਚਾਲਕਾਂ ਦੇ ਸੰਪਰਕ ਵਿੱਚ ਆਏ ਜਿਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਸਮਾਜਿਕ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਭੜਕਾਇਆ। ਅਮ੍ਰਿਤਪਾਲ ਸਿੰਘ ਨੇ ਸੁਖਚੈਨ ਅਤੇ ਲਵਪ੍ਰੀਤ ਸਿੰਘ ਨੂੰ ਮਿਲਾਉਣ ਅਤੇ ਖਤਰਨਾਕ ਏਜੰਡੇ ਨੂੰ ਅੱਗੇ ਵਧਾਉਣ ਸਬੰਧੀ ਪ੍ਰੇਰਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ।
ਮੁੱਢਲੀ ਪੜਤਾਲ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਪਾਕਿਸਤਾਨ ਅਧਾਰਤ ਸੰਚਾਲਕਾਂ ਨੇ ਉਕਤ ਵਿਅਕਤੀਆਂ ਨੂੰ ਭਵਿੱਖ ਦੀ ਕਾਰਵਾਈ ਯੋਜਨਾ ਉਲੀਕਣ ਲਈ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ ਸੀ। ਸਾਊਦੀ ਅਰਬ ਅਧਾਰਤ ਇੱਕ ਵਿਦੇਸ਼ੀ ਸੰਚਾਲਕ ਨੇ ਕਾਰਵਾਈਆਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਪਨਾਹ ਦੇਣ ਦਾ ਵਾਅਦਾ ਕੀਤਾ ਸੀ।
ਉਕਤ ਵਿਅਕਤੀਆਂ ਖਿਲਾਫ਼ ਥਾਣਾ ਸਦਰ, ਸਮਾਣਾ, ਜ਼ਿਲ੍ਹਾ ਪਟਿਆਲਾ ਵਿਖੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਧਾਰਾ 13,16,18,20 ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਦਿਨਕਰ ਗੁਪਤਾ ਨੇ ਕਿਹਾ ਕਿ ਇਸ ਕਾਰਵਾਈ ਦੇ ਨਾਲ ਪੰਜਾਬ ਪੁਲਿਸ ਨੇ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਕੁਲ 9 ਅੱਤਵਾਦੀ ਮਡਿਊਲਾਂ ਦਾ ਪਰਦਾਫਾਸ਼ ਕੀਤਾ ਹੈ।
Get all latest content delivered to your email a few times a month.