IMG-LOGO
ਹੋਮ ਪੰਜਾਬ: ਪੰਜਾਬ ਵਿੱਚ ਹਰ ਹਾਲ ਆਪਸੀ ਭਾਈਚਾਰਾ ਕਾਇਮ ਰੱਖਾਂਗੇ: ਅਰਵਿੰਦ ਕੇਜਰੀਵਾਲ

ਪੰਜਾਬ ਵਿੱਚ ਹਰ ਹਾਲ ਆਪਸੀ ਭਾਈਚਾਰਾ ਕਾਇਮ ਰੱਖਾਂਗੇ: ਅਰਵਿੰਦ ਕੇਜਰੀਵਾਲ

Admin User - Dec 31, 2021 08:42 PM
IMG

ਪੰਜਾਬ ਦੀ ਸੁੱਖ- ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਪਟਿਆਲਾ ਵਿਖੇ ਸ਼ਾਂਤੀ ਮਾਰਚ ਕੱਢਿਆਂ ਗਿਆ, ਜਿਸ ਦੀ ਅਗਵਾਈ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ। ਇਸ ਮੌਕੇ ਅਰਵਿੰਦ ਕੇਜਰੀਵਾਲ, ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ 'ਆਪ' ਆਗੂਆਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਅਤੇ ਸ੍ਰੀ ਕਾਲੀ ਮਾਤਾ ਮੰਦਰ ਵਿੱਚ ਜਾ ਕੇ ਮੱਥਾ ਟੇਕਿਆ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਰਦਾਸ ਕੀਤੀ। ਇਸ ਤੋਂ ਪਹਿਲਾਂ ਕੇਜਰੀਵਾਲ ਅਤੇ ਸਾਥੀਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸਮਾਰਕ ਉੱਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਪ੍ਰਸਿੱਧ ਸ਼ੇਰਾਂਵਾਲਾਂ ਗੇਟ ਤੋਂ ਸ਼ੁਰੂ ਹੋ ਕੇ ਚਿਲਡਰਨ ਮੈਮੋਰੀਅਲ ਚੌਂਕ ਤੱਕ ਕੱਢੇ ਗਏ ਇਸ ਸ਼ਾਂਤੀ ਮਾਰਚ ਵਿੱਚ ਪਟਿਆਲਾ ਅਤੇ ਆਸਪਾਸ ਦੇ ਇਲਾਕਿਆਂ ਵਿਚੋਂ ਪਾਰਟੀ ਵਰਕਰ ਅਤੇ ਆਗੂ ਤਿਰੰਗੇ ਝੰਡੇ ਲੈ ਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

ਅਰਵਿੰਦ ਕੇਜਰੀਵਾਲ ਨੇ ਸ਼ਾਂਤੀ ਮਾਰਚ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, '' ਪੰਜਾਬ ਵਿੱਚ ਅਗਲੇ ਕੁੱਝ ਦਿਨਾਂ 'ਚ ਵਿਧਾਨ ਸਭਾ ਚੋਣਾ ਹੋਣ ਵਾਲੀਆਂ ਹਨ। ਕੁੱਝ ਲੋਕਾਂ ਨੇ ਆਪਣੀਆਂ ਗੰਦੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਹਨ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ 'ਚ ਬੇਅਦਬੀ ਦੀ ਕੋਸ਼ਿਸ਼ ਹੋਈ ਅਤੇ ਲੁਧਿਆਣਾ 'ਚ ਬੰਬ ਧਮਾਕਾ ਹੋਇਆ। ਇਸ ਤਰਾਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਅਤੇ ਸੁੱਖ- ਸ਼ਾਂਤੀ ਨੂੰ ਭੰਗ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬੀਆਂ ਨੇ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਅਮਨ- ਸ਼ਾਂਤੀ ਨੂੰ ਕਾਇਮ ਰੱਖਣਾ ਹੈ।'' ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ (ਕਾਂਗਰਸ,ਕੈਪਟਨ, ਬਾਦਲ, ਭਾਜਪਾ) ਪਾਰਟੀਆਂ 'ਤੇ ਕੋਈ ਭਰੋਸਾ ਨਹੀਂ ਰਿਹਾ, ਕਿਉਂਕਿ ਪੰਜਾਬ ਨੂੰ ਕੇਵਲ ਆਮ ਲੋਕ ਹੀ ਬਚਾ ਸਕਦੇ ਹਨ। ਇਸ ਦੇ ਲਈ ਤਿੰਨ ਕਰੋੜ ਪੰਜਾਬੀਆਂ ਦਾ ਇਕੱਠੇ ਹੋਣਾ ਜ਼ਰੂਰੀ ਹੈ।

ਕੇਜਰੀਵਾਲ ਨੇ ਸ਼ਾਂਤੀ ਮਾਰਚ ਵਿੱਚ ਆਏ ਹਜ਼ਾਰਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਆਏ ਲੋਕ ਤਿੰਨ ਕਰੋੜ ਪੰਜਾਬੀਆਂ ਦੀ ਅਗਵਾਈ ਕਰਦੇ ਹਨ ਅਤੇ ਪੰਜਾਬ ਦੇ ਦੁਸ਼ਮਣਾਂ ਨੂੰ ਜਵਾਬ ਦੇ ਰਹੇ ਹਨ ਕਿ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਕਿਸੇ ਵੀ ਕੀਮਤ 'ਤੇ ਖ਼ਰਾਬ ਨਹੀਂ ਹੋਣ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕੋਈ ਤੋੜ ਨਹੀਂ ਸਕਦਾ ਅਤੇ ਉਹ (ਕੇਜਰੀਵਾਲ) ਉਮੀਦ ਕਰਦੇ ਹਨ ਕਿ ਪੰਜਾਬ ਦੇ ਲੋਕ ਪੰਜਾਬ ਦੀ ਸੱਤਾ ਆਮ ਲੋਕਾਂ ਦੇ ਹੱਥਾਂ ਵਿੱਚ ਦੇਣਗੇ, ਕਿਉਂਕਿ ਪੰਜਾਬੀਆਂ ਨੂੰ ਸੱਤਾ ਵਿੱਚ ਰਹੇ ਲੋਕਾਂ 'ਤੇ ਹੁਣ ਕੋਈ ਭਰੋਸਾ ਨਹੀਂ ਰਿਹਾ।

'ਆਪ' ਸੁਪਰੀਮੋ ਨੇ ਕਾਂਗਰਸ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ, ''ਸੱਤਾਧਾਰੀ ਕਾਂਗਰਸੀਆਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ, ਕਿਉਂਕਿ ਉਹ ਤਾਂ ਮੁੱਖ ਮੰਤਰੀ ਦੀ ਕੁਰਸੀ ਲਈ ਆਪਸ ਵਿੱਚ ਲੜ ਰਹੇ ਹਨ। ਚੰਨੀ ਸਰਕਾਰ ਪੰਜਾਬ ਦੀ ਸਭ ਤੋਂ ਕਮਜ਼ੋਰ ਸਰਕਾਰ ਹੈ ਅਤੇ ਇਹ ਸਰਕਾਰ ਪੰਜਾਬ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਨਾਕਾਮ ਹੋਈ ਹੈ।'' ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੇ ਬੇਅਦਬੀ ਮਾਮਲੇ ਵਿੱਚ ਭਾਵੇਂ ਦੋਸ਼ੀ ਮਾਰਿਆ ਗਿਆ, ਪਰ ਕਾਂਗਰਸ ਸਰਕਾਰ ਨੇ 48 ਘੰਟਿਆਂ ਵਿੱਚ ਦੋਸ਼ੀ ਦੀ ਪਛਾਣ ਕਰਨ ਅਤੇ ਸਾਜ਼ਿਸ਼ ਕਰਤਾ ਨੂੰ ਫੜਨ ਦਾ ਐਲਾਨ ਕੀਤਾ ਸੀ। ਕਾਂਗਰਸ ਸਰਕਾਰ ਦਾ ਇਹ ਐਲਾਨ ਅਜੇ ਤੱਕ ਪੂਰਾ ਨਹੀਂ ਹੋਇਆ। ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਸਾਜ਼ਿਸ਼ ਕਰਨ ਵਾਲੇ ਫੜੇ ਨਹੀਂ ਗਏ। ਕੇਜਰੀਵਾਲ ਨੇ ਸਵਾਲ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਅਤੇ ਸਥਾਨਾਂ ਦੀਆਂ ਬੇਅਦਬੀਆਂ, ਬੰਬ ਧਮਾਕੇ ਅਤੇ ਅੱਤਵਾਦੀ ਗਤੀਵਿਧੀਆਂ ਚੋਣਾ ਤੋਂ ਪਹਿਲਾਂ ਹੀ ਕਿਉਂ ਸ਼ੁਰੂ ਹੋ ਜਾਂਦੀਆਂ ਹਨ? ਇਸ ਲਈ ਪੰਜਾਬੀਆਂ ਨੂੰ ਬੇਹੱਦ ਚੌਕੰਨੇ ਅਤੇ ਮਿਲ ਕੇ ਰਹਿਣ ਦੀ ਜ਼ਰੂਰਤ ਹੈ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ, ਕੈਪਟਨ, ਬਾਦਲਾਂ ਅਤੇ ਭਾਜਪਾ ਵਰਗੀਆਂ ਸਵਾਰਥੀ, ਮੌਕਾਪ੍ਰਸਤ ਅਤੇ ਮਾਫ਼ੀਆ ਤਾਕਤਾਂ ਨੂੰ ਚੰਗੀ ਤਰਾਂ ਪਛਾਣ ਚੁੱਕੀ ਹੈ। ਇਸ ਲਈ 2022 ਦੀਆਂ ਚੋਣਾ ਵਿਚ ਇਨ੍ਹਾਂ ਸਭਾ ਦਾ ਬੋਰੀਆ ਬਿਸਤਰਾ ਗੋਲ ਕਰਨ ਦਾ ਮਨ ਜਨਤਾ ਨੇ ਬਣਾ ਲਿਆ ਹੈ। ਇਸ ਦੀ ਦਿੱਲੀ ਤੋਂ ਬਾਅਦ ਝਾਕੀ ਹਾਲ ਹੀ ਦੌਰਾਨ ਚੰਡੀਗੜ੍ਹ ਦੀ ਜਨਤਾ ਨੇ ਦਿਖਾ ਦਿੱਤੀ ਹੈ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਰਕਾਰ ਬਦਲਣੀ ਹੈ। ਆਪਾਂ ਨਵੀਂ ਸਰਕਾਰ ਲੈ ਕੇ ਆਉਣੀ ਹੈ। ਨਵੀਂ ਸਰਕਾਰ 'ਚ ਪੰਜਾਬ ਦੀ ਜਨਤਾ ਫ਼ੈਸਲਾ ਕਰੇਗੀ ਅਤੇ 'ਆਪ' ਸਰਕਾਰ ਇਸ ਫ਼ੈਸਲੇ ਨੂੰ ਲਾਗੂ ਕਰੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, ''ਪੰਜਾਬ ਨੂੰ ਨਜ਼ਰਾਂ ਲਾਉਣ ਵਾਲੀਆਂ ਤਾਕਤਾਂ ਨੂੰ ਦੂਰ ਰੱਖਣਾ ਹੈ, ਕਿਉਂਕਿ ਜਦੋਂ ਵੀ ਚੋਣਾ ਆਉਂਦੀਆਂ ਹਨ ਤਾਂ ਪੰਜਾਬ ਦੀ ਧਰਤੀ 'ਤੇ ਬੇਅਦਬੀ, ਬੰਬ ਧਮਾਕੇ ਅਤੇ ਹੋਰ ਅੱਗ ਲਾਊ ਘਟਨਾਵਾਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਸਕੇ।'' ਮਾਨ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਤਾਂ ਨਫ਼ਰਤ ਦੀ ਰਾਜਨੀਤੀ ਕਰਦੀ ਹੈ, ਪਰ ਚੰਡੀਗੜ੍ਹ ਦੇ ਲੋਕਾਂ ਨੇ ਦੱਸ ਦਿੱਤਾ ਕਿ ਉਹ ਭਾਈਚਾਰਕ ਸਾਂਝ ਅਤੇ ਵਿਕਾਸ ਦੀ ਰਾਜਨੀਤੀ ਚਾਹੁੰਦੇ ਹਨ। ਉਨ੍ਹਾਂ ਕਿਹਾ, ''ਚੰਡੀਗੜ੍ਹ ਤਾਂ ਝਾਕੀ ਹੈ, ਪੰਜਾਬ ਅਜੇ ਬਾਕੀ ਹੈ।''

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.