ਤਾਜਾ ਖਬਰਾਂ
ਫਿਰੋਜ਼ਪੁਰ, 30 ਨਵੰਬਰ (ਪਰਮਜੀਤ ਸਖਾਣਾ)- ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਸ਼੍ਰੀ ਮਨੀਸ਼ ਸਿਸੋਦਿਆ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਇੰਚਾਰਜ ਰਣਬੀਰ ਸਿੰਘ ਭੁੱਲਰ ਵੱਲੋਂ ਕਰਵਾਏ ਗਏ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਮਿਲਣੀ ਪ੍ਰੋਗਰਾਮ ਵਿਚ ਪਹੁੰਚੇ। ਜਿੱਥੇ ਉਹਨਾਂ ਦੁਆਰਾ ਸ਼ਹਿਰੀ ਹਲਕੇ ਨਾਲ ਸਬੰਧਤ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ’ਚ ਪਹੁੰਚੇ ਵਪਾਰੀਆਂ ਤੇ ਕਾਰੋਬਾਰੀਆਂ ਵੱਲੋਂ ਮਨੀਸ਼ ਸਿਸੋਦਿਆ ਨੂੰ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ ਗਿਆ। ਜਿਸ ਉਪਰੰਤ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਕੋਈ ਵੀ ਪਾਰਟੀ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਗੱਲਬਾਤ ਨਹੀਂ ਕਰ ਰਹੀ। ਸਿਰਫ ਆਮ ਆਦਮੀ ਪਾਰਟੀ ਹੀ ਜੋ ਘਰ ਘਰ ਜਾ ਕੇ ਤੁਹਾਡੀਆਂ ਮੁਸ਼ਕਿਲਾਂ ਜਾਣ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਦੇਸ਼ ਵਿਚ ਆਮ ਆਦਮੀ ਪਾਰਟੀ ਨਹੀਂ ਸੀ ਤਾਂ ਕੋਈ ਪਾਰਟੀ ਸਿੱਖਿਆ ਅਤੇ ਵਪਾਰ ਬਾਰੇ ਗੱਲਬਾਤ ਨਹੀਂ ਕਰਦੀ ਸੀ, ਪਰ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾ ਵਪਾਰੀਆਂ ਅਤੇ ਸਿੱਖਿਆ ਨਾਲ ਸਬੰਧਤ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਸਰਕਾਰ ਦਾ ਬਜਟ 30 ਹਜ਼ਾਰ ਕਰੋੜ ਰੁਪਏ ਸੀ। ਜਿਸ ਵਿਚੋਂ 24 ਹਜ਼ਾਰ ਕਰੋੜ ਤਾਂ ਤਨਖਾਹਾਂ ਵਿਚ ਚਲਾ ਜਾਂਦਾ ਸੀ ਅਤੇ 4-5 ਹਜ਼ਾਰ ਕਰੋੜ ਨਾਲ ਪੁਰਾਣੇ ਦੇਣ ਲੈਣ ਦਾ ਭੁਗਤਾਨ ਕੀਤਾ ਜਾਂਦਾ ਸੀ। ਸਰਕਾਰ ਨੂੰ ਆਪਣੇ ਕਾਰਜਾਂ ਲਈ ਸਿਰਫ਼ 1 ਹਜ਼ਾਰ ਕਰੋੜ ਰੁਪਏ ਹੀ ਬਚਦਾ ਸੀ। ਜਦੋਂ 2015 ’ਚ ‘ਆਪ’ ਦੀ ਸਰਕਾਰ ਬਣੀ ਤਾਂ ਸਾਨੂੰ ਵੀ ਲੱਗਿਆ ਕਿ ਦਿੱਲੀ ਦੀ ਤਰੱਕੀ ਕਿਵੇਂ ਹੋਵੇਗੀ। ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਦਿੱਲੀ ਦੇ ਵਪਾਰੀਆਂ ਦੀ ਤਰੱਕੀ ਦਾ ਰਸਤਾ ਲੱਭੋ। ਉਹਨਾਂ ਦੀਆਂ ਮੁਸ਼ਕਿਲਾਂ ਸੁਣੋ ਅਤੇ ਉਸਦਾ ਹੱਲ ਕਰੋ। ਜਿਸ ਨਾਲ ਦਿੱਲੀ ਦੀ ਤਰੱਕੀ ਆਪਣੇ ਆਪ ਹੋਵੇਗੀ। ਤਾਂ ਸਾਡੇ ਦੁਆਰਾ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ। ਜਿਸ ਦੌਰਾਨ ਉਥੋਂ ਦੇ ਟਰੇਡਰਜ਼ ਵੱਲੋਂ 3-4 ਮੰਗਾਂ ਰੱਖੀਆਂ ਗਈਆਂ ਸਨ ਕਿ ਪਹਿਲਾਂ ਰਹੀਆਂ ਸਰਕਾਰਾਂ ਛਾਪੇਮਾਰੀ ਬਹੁਤ ਕਰਦੀਆਂ ਸਨ। ਕਈ ਵਿਭਾਗਾਂ ਦੇ ਅਫਸਰ ਛਾਪੇਮਾਰੀ ਦੌਰਾਨ ਰਿਸ਼ਵਤ ਲੈ ਜਾਂਦੇ ਸਨ, ਪਰ ਟੈਕਸ ਨਹੀਂ ਲਿਜਾਂਦੇ ਸਨ ਤਾਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਦਿੱਲੀ ਵਿਚ ਛਾਪੇਮਾਰੀ ਰਾਜ ਬਿਲਕੁੱਲ ਜੀਰੋ ਕਰ ਦਿੱਤਾ ਗਿਆ। ਪਿਛਲੇ 7 ਸਾਲਾਂ ਤੋਂ ਦਿੱਲੀ ਵਿਚ ਛਾਪੇਮਾਰੀ ਜੀਰੋ ਚੱਲ ਰਹੀ ਹੈ। ਦੂਜੀ ਗੱਲ ਵਪਾਰੀਆਂ ਨੇ ਕਹੀ ਕਿ ਵੈਟ ਟੈਕਸ ਘਟਾਉਣ ਦੀ ਮੰਗ ਕੀਤੀ ਗਈ। ਜਿਸਨੂੰ ਅਰਵਿੰਦ ਕੇਜਰੀਵਾਲ ਵੱਲੋਂ ਵਪਾਰੀਆਂ ਦੇ ਹੱਕ ’ਚ ਫੈਸਲਾ ਲੈਂਦੇ ਵੈਟ ਟੈਕਸ ਘਟਾਇਆ ਗਿਆ। ਇਮਾਨਦਾਰ ਸਰਕਾਰ ਛਾਪੇਮਾਰੀ ਨਹੀਂ ਕਰਦੀ ਅਤੇ ਵਪਾਰੀਆਂ ਨਾਲ ਮਿਲ ਕੇ ਵਪਾਰ ਨੂੰ ਅੱਗੇ ਵਧਾਉਣ ਦਾ ਨਤੀਜਾ 1 ਸਾਲ ਵਿਚ ਸਾਹਮਣੇ ਆਇਆ। ਜਿਸ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਵਿਚ ਅਗਲੇ ਬਜਟ ਦੌਰਾਨ 40 ਵਸਤੂਆਂ ’ਤੇ ਟੈਕਸ ਘਟਾਏ ਗਏ ਤਾਂ 5 ਸਾਲ ਦੇ ਅੰਦਰ-ਅੰਦਰ ਦਿੱਲੀ ਦਾ ਬਜਟ 30 ਹਜ਼ਾਰ ਕਰੋੜ ਤੋਂ ਵੱਧ ਕੇ 60 ਹਜ਼ਾਰ ਕਰੋੜ ਹੋ ਗਿਆ। ਜਦਕਿ ਨਵਾਂ ਟੈਕਸ ਨਹੀਂ ਲਗਾਇਆ ਗਿਆ ਅਤੇ ਨਾ ਹੀ ਟੈਕਸ ਦੇ ਰੇਟ ਵਧਾਏ ਗਏ ਸਨ। ਵਪਾਰੀਆਂ ਨੇ ਕਿਹਾ ਸੀ ਕਿ ਆਪਣੇ ਕੰਮਕਾਜ ਲਈ ਦਫਤਰਾਂ ਤੋਂ ਸਰਕਾਰੀ ਪ੍ਰਮਾਣ ਪੱਤਰ ਆਦਿ ਲੈਣ ਲਈ ਦਲਾਲਾਂ ਦੀ ਲੁੱਟ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਅਰਵਿੰਦ ਕੇਜਰੀਵਾਲ ਵੱਲੋਂ 140 ਤਰ੍ਹਾ ਦੀਆਂ ਸੇਵਾਵਾਂ ਦਫਤਰਾਂ ਵਿਚੋਂ ਰੱਦ ਕਰ ਦਿੱਤੀਆਂ ਗਈਆਂ ਅਤੇ ਉਹ ਸਹੂਲਤਾਂ ਇਸ ਸਮੇਂ ਦਿੱਲੀ ਦੇ ਲੋਕਾਂ ਨੂੰ ਘਰਾਂ ਅਤੇ ਕਾਰੋਬਾਰਾਂ ਵਾਲੇ ਥਾਵਾਂ ’ਤੇ ਮਿਲ ਰਹੀਆਂ ਹਨ। ਵਪਾਰੀਆਂ ਵੱਲੋਂ ਦਿੱਲੀ ’ਚ 24 ਘੰਟੇ ਬਿਜਲੀ ਦੀ ਮੰਗ ਕੀਤੀ ਗਈ ਸੀ ਤਾਂ ਦਿੱਲੀ ਵਿਚ ਮੈਨੇਜਮੈਂਟ ਸਿਸਟਿਮ ਠੀਕ ਕੀਤਾ ਗਿਆ, ਜਿਸ ਉਪਰੰਤ ਉਹੀ ਬਿਜਲੀ ਹਰੇਕ ਘਰ ਅਤੇ ਕਾਰੋਬਾਰੀ ਨੂੰ 24 ਘੰਟੇ ਮਿਲ ਰਹੀ ਹੈ ਅਤੇ ਦੇਸ਼ ਵਿਚੋਂ ਸਭ ਤੋਂ ਸਸਤੀ ਬਿਜਲੀ ਮਿਲ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਫਰੀ ਅਤੇ ਮਹਿਲਾਵਾਂ ਨੂੰ 1000 ਰੁਪਏ ਪੈਨਸ਼ਨ ਦੇਣ ਦੇ ਐਲਾਨ ਤੋਂ ਬਾਅਦ ਰਿਵਾਇਤੀ ਪਾਰਟੀਆਂ ਵੱਲੋਂ ਇਸਨੂੰ ਅਸੰਭਵ ਕਰਾਰ ਦਿੱਤਾ ਸੀ। ਸੰਭਵ ਨੂੰ ਤਾਂ ਰਿਵਾਇਤੀ ਪਾਰਟੀਆਂ ਹੱਲ ਕਰ ਸਕਦੀਆਂ ਹਨ, ਪਰ ਅਸੰਭਵ ਨੂੰ ਸਿਰਫ ਅਰਵਿੰਦ ਕੇਜਰੀਵਾਲ ਹੀ ਸੰਭਵ ਕਰ ਸਕਦੇ ਹਨ। ਉਹਨਾਂ ਕਿਹਾ ਕਿ ਉਸੇ ਤਰ੍ਹਾਂ ਪੰਜਾਬ ਦੇ ਵਪਾਰੀਆਂ ਦੀ ਤਰੱਕੀ ਤੋਂ ਬਿਨਾਂ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ। ਜੇਕਰ ਵਪਾਰੀਆਂ ਨੂੰ ਇਮਾਨਦਾਰੀ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਨੌਕਰੀਆਂ ਦੇ ਵਸੀਲੇ ਬਣਨਗੇ ਅਤੇ ਟੈਕਸ ਵਧੇਗਾ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਵਪਾਰੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਖਤਮ ਕੀਤਾ ਜਾਵੇਗਾ। ਜਿਸ ਨਾਲ ਸੂਬਾ ਖੁਸ਼ਹਾਲ ਅਤੇ ਤਰੱਕੀ ਵੱਲ ਵਧੇਗਾ। ਉਹਨਾਂ ਕਿਹਾ ਕਿ ਦੇਸ਼ ਦੀ ਸਿਰਫ਼ ਇਕੋ ਇਕ ਦਿੱਲੀ ਸਰਕਾਰ ਹੈ, ਜੋ ਸਿਖਿਆ ’ਤੇ 25 ਪ੍ਰਤੀਸ਼ਤ ਪਿਛਲੇ 6 ਸਾਲਾਂ ਤੋਂ ਖਰਚ ਕਰਦੀ ਆਈ ਹੈ। ਬਾਕੀ ਸਰਕਾਰਾਂ ਮੁਸ਼ਕਿਲ ਨਾਲ 10 ਪ੍ਰਤੀਸ਼ਤ ਵੀ ਖਰਚ ਨਹੀਂ ਕਰਦੀਆਂ। ਦਿੱਲੀ ਦੇ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਟਰੇਨਿੰਗ ਦਵਾਈ ਜਾਂਦੀ ਹੈ ਅਤੇ ਦਿੱਲੀ ਦੇ ਸਕੂਲਾਂ ਵਿੱਚ 100 ਪ੍ਰਤੀਸ਼ਤ ਨਤੀਜੇ ਸਾਹਮਣੇ ਆ ਰਹੇ ਹਨ। ਦਿੱਲੀ ’ਚ ਸਿੱਖਿਆ ਦਾ ਮਾਡਲ ਪੂਰੇ ਦੇਸ਼ ਵਿਚੋਂ ਨੰਬਰ 1 ’ਤੇ ਖੜਾ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਿੱਲੀ ਦੇ ਸਕੂਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਸਿੱਖਿਆ ਮੰਤਰੀ ਪੰਜਾਬ ਵੱਲੋਂ ਦਿੱਲੀ ਦੇ 250 ਸਕੂਲਾਂ ਦੀ ਲਿਸਟ ਮੰਗੀ ਗਈ ਸੀ, ਜਿਸਨੂੰ ਅਸੀਂ ਜਾਰੀ ਕਰ ਚੁੱਕੇ ਹਾਂ, ਪਰ ਸੱਤਾਧਿਰ ਵੱਲੋਂ ਹੁਣ ਤੱਕ 250 ਸਕੂਲਾਂ ਦੀ ਲਿਸਟ ਜਾਰੀ ਨਹੀਂ ਕੀਤੀ ਗਈ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪਿਛਲੇ 4 ਸਾਲਾਂ ਦੌਰਾਨ 250 ਸਕੂਲਾਂ ਦਾ ਵੀ ਕਾਂਗਰਸ ਪਾਰਟੀ ਸੁਧਾਰ ਨਹੀਂ ਕਰ ਸਕੀ। ਉਹਨਾਂ ਐਲਾਨ ਕੀਤਾ ਕਿ ਉਹ ਪੰਜਾਬ ਦੇ ਸਕੂਲਾਂ ਵਿੱਚ ਜਾਣਗੇ। ਪੰਜਾਬ ਸਰਕਾਰ ਦੀ ਪੋਲ ਖੋਲਣਗੇ ਅਤੇ ਇਸਦੀ ਸ਼ੁਰੂਆਤ ਉਹ ਮੁੱਖ ਮੰਤਰੀ ਚੰਨੀ ਦੇ ਹਲਕੇ ਤੋਂ ਕਰਨਗੇ। ਪੰਜਾਬ ਵਿਚ ਸਿਰਫ ਢਾਈ ਮਹੀਨਿਆਂ ਬਾਅਦ ਸਾਰੀਆਂ ਸਹੂਲਤਾਂ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮਿਲਣਗੀਆਂ। ਇਸ ਮੌਕੇ ਟਰੇਡ ਵਿੰਗ ਦੇ ਸੂਬਾ ਪ੍ਰਧਾਨ ਰਮਨ ਮਿੱਤਲ, ਅਨਿਲ ਠਾਕੁਰ, ਹਲਕਾ ਦਿਹਾਤੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ, ਜੀਰਾ ਤੋਂ ਨਰੇਸ਼ ਕਟਾਰੀਆ, ਡਾ. ਅਮ੍ਰਿਤਪਾਲ ਸਿੰਘ ਸੋਢੀ, ਬਲਦੇਵ ਸਿੰਘ ਉਸਮਾਨ ਵਾਲਾ, ਲਖਵਿੰਦਰ ਸਿੰਘ ਸੰਧੂ, ਨਰਿੰਦਰ ਗਰੋਵਰ, ਰਾਜ ਕੁਮਾਰ ਰਾਜੂ, ਦਲੇਰ ਸਿੰਘ ਭੁੱਲਰ, ਬਲਰਾਜ ਸਿੰਘ ਕਟੋਰਾ, ਇਕਬਾਲ ਸਿੰਘ ਢਿੱਲੋਂ ਦੀ ਹਾਜ਼ਰੀ ਵੀ ਵਿਸ਼ੇਸ਼ ਰਹੀ। ਇਸ ਦੌਰਾਨ ਸ਼ਹਿਰੀ ਹਲਕੇ ਦੀ ਟੀਮ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੂੰ ਯਾਦਗਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
Get all latest content delivered to your email a few times a month.