IMG-LOGO
ਹੋਮ ਪੰਜਾਬ: ਪਿੰਡ ਸੋਹਾਣਾ 'ਚ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ! ਪੜ੍ਹੋ ਮੇਅਰ...

ਪਿੰਡ ਸੋਹਾਣਾ 'ਚ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ! ਪੜ੍ਹੋ ਮੇਅਰ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਕੀ ਦਿੱਤੀਆਂ ਹਦਾਇਤਾਂ ?

Admin User - Sep 30, 2021 07:04 PM
IMG

ਮੁਹਾਲੀ 30 ਸਤੰਬਰ (ਅਮਰਜੀਤ ਸਿੰਘ) :- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਿੰਡ ਸੋਹਾਣਾ ਵਿੱਚ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਦੇ ਫੌਰੀ ਹੱਲ ਵਾਸਤੇ ਅਧਿਕਾਰੀਆਂ ਨੂੰ ਹਦਾਇਤਾਂ  ਦਿੱਤੀਆਂ। ਇਸ ਮੌਕੇ ਮੇਅਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੋਹਾਣਾ ਵਿੱਚ 40 ਸਾਲ ਪਹਿਲਾਂ ਪਾਈਆਂ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਨੂੰ ਮੁੱਢੋਂ ਬਦਲਣ ਲਈ ਸਰਵੇ ਕਰਵਾ ਕੇ ਤਜਵੀਜ਼ ਤਿਆਰ ਕੀਤੀ  ਜਾਵੇ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਕਮਿਸ਼ਨਰ ਨਗਰ ਨਿਗਮ ਕਮਲ ਗਰਗ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪਹਿਲਾਂ  ਰੋਪੜ ਜ਼ਿਲ੍ਹੇ ਦੇ ਤਹਿਤ ਆਉਂਦਾ ਪਿੰਡ ਸੋਹਾਣਾ ਮਾਡਲ ਗ੍ਰਾਮ ਵਜੋਂ ਵਿਕਸਿਤ ਕੀਤਾ ਗਿਆ ਸੀ ਅਤੇ ਚਾਲੀ ਸਾਲ ਪਹਿਲਾਂ ਇੱਥੇ ਪਾਣੀ ਅਤੇ ਸੀਵਰੇਜ ਦੀਆਂ ਪਾਈਪਾਂ  ਪਾਈਆਂ ਗਈਆਂ ਸਨ। ਉਸ ਸਮੇਂ ਇਹ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਪਾਣੀ ਦੀ ਪਾਈਪ ਹੇਠਾਂ ਪਾ ਦਿੱਤੀ ਗਈ ਜਦੋਂ ਕਿ ਸੀਵਰੇਜ ਦੀ ਪਾਈਪ ਉਸਦੇ ਉੱਪਰ ਪਾਈ ਗਈ ਹੈ ਜਿਸ ਕਾਰਨ ਇਨ੍ਹਾਂ ਦੋਹਾਂ ਪਾਈਪਾਂ ਦੇ ਰਲਗੱਡ ਹੋਣ  ਕਰਨ ਪਾਣੀ ਦੀ ਸਪਲਾਈ ਵਿਚ ਸੀਵਰੇਜ ਮਿਕਸ ਹੋ ਜਾਂਦਾ ਹੈ ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਅਧੀਨ ਆਉਂਦੇ ਖੇਤਰ ਵਿੱਚ ਲੋਕਾਂ ਦੀ ਸਿਹਤ ਉਨ੍ਹਾਂ ਦੀ ਸਭ ਤੋਂ ਪ੍ਰਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸੋਹਾਣਾ ਬਹੁਤ ਜ਼ਿਆਦਾ ਜਨਸੰਖਿਆ ਵਾਲਾ ਪਿੰਡ ਹੈ ਅਤੇ ਇੱਥੇ ਇਹ ਕੰਮ ਬਹੁਤ ਔਖਾ ਹੈ ਪਰ ਭਾਵੇਂ ਜਿੰਨੇ ਵੀ ਪੈਸੇ ਲੱਗਣ ਪਰ ਇਹ ਕੰਮ ਛੇਤੀ ਆਰੰਭ ਕਰਵਾਇਆ ਜਾਵੇਗਾ। ਇਸ ਮੌਕੇ ਅਧਿਕਾਰੀਆਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਨੂੰ ਮੁੱਢੋਂ ਬਦਲਣ ਉੱਤੇ 7 ਤੋਂ 8 ਕਰੋੜ ਰੁਪਏ ਦਾ ਖਰਚ ਆ ਸਕਦਾ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪੂਰੇ ਖੇਤਰ ਦਾ ਸਰਵੇ ਕਰਵਾਇਆ ਜਾਵੇ  ਤਾਂ ਜੋ ਪਤਾ ਲੱਗ ਸਕੇ ਕਿ ਕਿਸ ਢੰਗ ਨਾਲ ਇੱਥੇ ਪੁਰਾਣੀਆਂ ਪਾਈਪਾਂ ਬਦਲ ਕੇ ਨਵੀਆਂ ਪਾਈਪਾਂ ਪਾਈਆਂ ਜਾ ਸਕਦੀਆਂ ਹਨ ਜਿਸ ਨਾਲ ਦੋਵੇਂ ਪਾਈਪਾਂ ਦਾ ਲੈਵਲ ਵੀ  ਠੀਕ ਰਹੇ ਅਤੇ ਇਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਕੇਜ ਨਾਲ ਸੀਵਰੇਜ ਅਤੇ ਪਾਣੀ ਦੀ ਸਪਲਾਈ ਆਪਸ ਵਿੱਚ ਮਿਲਣ ਦੀ ਕੋਈ ਸੰਭਾਵਨਾ ਪੈਦਾ ਨਾ ਹੋ ਸਕੇ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਦੇ ਐਸਟੀਮੇਟ ਤਿਆਰ ਕਰਵਾ ਕੇ ਨਗਰ ਨਿਗਮ ਵਿੱਚ ਲਿਆਂਦੇ ਜਾਣ ਤਾਂ ਜੋ ਹਾਊਸ ਦੀ ਮੀਟਿੰਗ ਵਿੱਚ ਇਨ੍ਹਾਂ ਨੂੰ ਪਾਸ ਕਰਵਾਉਣ ਉਪਰੰਤ ਇੱਥੇ ਕੰਮ ਆਰੰਭ ਕਰਵਾਇਆ ਜਾ ਸਕੇ।

ਇਸ ਦੇ ਨਾਲ ਨਾਲ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਟੈਂਪਰੇਰੀ ਤੌਰ ਤੇ ਜਿੱਥੇ ਕਿਤੇ ਵੀ ਸਮੱਸਿਆ ਆ ਰਹੀ ਹੈ ਉਸ ਦਾ ਹੱਲ ਕਰਵਾਇਆ ਜਾਵੇ ਤਾਂ ਜੋ ਜਦੋਂ ਤਕ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ  ਉਦੋਂ ਤਕ ਟੈਂਪਰੇਰੀ ਤੌਰ ਤੇ ਸੀਵਰੇਜ ਦੀ ਲੀਕੇਜ ਨੂੰ ਬੰਦ ਕਰਵਾਇਆ ਜਾਵੇ  ਤੇ ਲੋਕਾਂ ਨੂੰ ਸਾਫ ਸੁਥਰੇ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ।

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਫੇਜ਼ ਦੱਸ ਦੇ ਕੁਆਰਟਰਾਂ ਵਿੱਚ ਵੀ ਇਸੇ ਤਰ੍ਹਾਂ ਸੀਵਰੇਜ ਅਤੇ ਪਾਣੀ ਦੀ ਸਪਲਾਈ ਲੀਕੇਜ ਕਾਰਨ ਮਿਕਸ ਹੋਣ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ  ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਸੀ ਜਿਸ ਤੋਂ ਬਾਅਦ ਇੱਥੇ ਛੇਤੀ ਹੀ ਕੰਮ ਆਰੰਭ ਹੋਣ ਦੀ ਸੰਭਾਵਨਾ ਹੈ। ਮੇਅਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਮੁਹਾਲੀ ਵਿੱਚ ਜਿੱਥੇ ਕਿਤੇ ਵੀ ਪੁਰਾਣਾ ਸੀਵਰੇਜ ਲੀਕ ਹੁੰਦਾ ਹੈ ਉੱਥੇ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਕਿ ਇਹ ਸੀਵਰੇਜ ਪਾਣੀ ਦੀ ਸਪਲਾਈ ਨਾਲ ਨਾ ਮਿਲਦਾ ਹੋਵੇ ਅਤੇ ਜਿੱਥੇ ਕਿਤੇ ਵੀ ਅਜਿਹਾ ਹੋ ਰਿਹਾ ਹੈ ਉਸ ਦੀ ਜਾਂਚ ਕਰਵਾ ਕੇ ਉਸ ਨੂੰ ਠੀਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਸਭ ਤੋਂ ਉੱਤੇ ਹੈ ਅਤੇ ਸਾਫ਼ ਅਤੇ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਹਰ ਕਦਮ ਚੁੱਕੇ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਬਿਮਾਰੀਆਂ ਫੈਲਣ ਦੇ ਖਦਸ਼ੇ ਤੋਂ ਬਚਾਅ ਹੋ ਸਕੇ।

 ਇਸ ਮੌਕੇ ਨਗਰ ਨਿਗਮ ਦੇ ਐੱਸ ਈ ਸੰਜੇ ਕੰਵਰ, ਇਲਾਕੇ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਬੈਦਵਾਨ, ਬੂਟਾ ਸਿੰਘ ਸੋਹਾਣਾ, ਨਗਰ ਨਿਗਮ ਦੇ ਐਕਸੀਅਨ ਅਤੇ ਐੱਸ ਡੀ ਓ ਸਮੇਤ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.