IMG-LOGO
ਹੋਮ ਪੰਜਾਬ: ਚੰਡੀਗੜ੍ਹ ਪੁਲਿਸ ਖ਼ਿਲਾਫ਼ ਮਨੀਸ਼ਾ ਗੁਲਾਟੀ ਨੂੰ ਮਿਲਿਆ AAP ਦਾ ਮਹਿਲਾ...

ਚੰਡੀਗੜ੍ਹ ਪੁਲਿਸ ਖ਼ਿਲਾਫ਼ ਮਨੀਸ਼ਾ ਗੁਲਾਟੀ ਨੂੰ ਮਿਲਿਆ AAP ਦਾ ਮਹਿਲਾ ਵਿੰਗ ! ਪੜ੍ਹੋ ਕੀ ਕੀਤੀ ਮੰਗ ?

Admin User - Aug 31, 2021 07:28 PM
IMG

ਚੰਡੀਗੜ੍ਹ, 31 ਅਗਸਤ :- ਭਾਜਪਾ ਖ਼ਿਲਾਫ਼ ਬੀਤੇ ਦਿਨੀਂ ਰੋਸ ਪ੍ਰਦਰਸ਼ਨ ਕਰਨ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ ਮਹਿਲਾ ਕਾਰਕੁੰਨਾਂ ਨਾਲ ਚੰਡੀਗੜ੍ਹ ਪੁਲੀਸ ਵੱਲੋਂ ਕੀਤੇ ਦੁਰਵਿਵਹਾਰ ਅਤੇ ਬਦਸਲੂਕੀ ਵਿਰੁੱਧ ਮਹਿਲਾ ਆਗੂਆਂ ਦੇ ਇੱਕ ਵਫ਼ਦ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਦੋਸ਼ੀ ਪੁਲੀਸ ਮੁਲਾਜ਼ਮਾਂ ਅਤੇ ਸਿਵਲ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਮੰਗਲਵਾਰ ਨੂੰ ਚੰਡੀਗੜ੍ਹ ਪੁਲੀਸ ਦੀਆਂ ਵਧੀਕੀਆਂ ਖ਼ਿਲਾਫ਼ ‘ਆਪ’ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ ਅਤੇ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਤੇ ਸਿਵਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹਿੱਤ ਇੱਕ ਸ਼ਿਕਾਇਤ ਪੱਤਰ ਦਿੱਤਾ। 

ਇਸ ਸ਼ਿਕਾਇਤ ਰਾਹੀਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਸਹਿ ਪ੍ਰਧਾਨ ਬਲਜਿੰਦਰ ਕੌਰ ਨੇ ਦੱਸਿਆ ਕਿ 25 ਅਗਸਤ ਨੂੰ ਆਮ ਆਦਮੀ ਪਾਰਟੀ ਦੀਆਂ ਮਹਿਲਾ ਆਗੂਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਵੱਲੋਂ ਪੰਜਾਬ ਸਮੇਤ ਦੇਸ਼ ਭਰ ’ਚ ਔਰਤਾਂ ਅਤੇ ਕਿਸਾਨਾਂ ’ਤੇ ਕੀਤੇ ਜਾਂਦੇ ਹਮਲਿਆਂ ਖ਼ਿਲਾਫ਼ ਚੰਡੀਗੜ੍ਹ ’ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ, ‘ਪ੍ਰਦਰਸ਼ਨਕਾਰੀਆਂ  ਨੂੰ ਰੋਕਣ ਲਈ ਚੰਡੀਗੜ੍ਹ ਪੁਲੀਸ ਵੱਲੋਂ ਮਹਿਲਾ ਪੁਲੀਸ ਕਰਮੀਆਂ ਦੀ ਥਾਂ ਪੁਰਸ਼ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀ ਮਹਿਲਾਵਾਂ ਨਾਲ ਬਦਸਲੂਕੀ ਅਤੇ ਸਰੀਰਕ ਛੇੜਛਾੜ ਕੀਤੀ। ਐਨਾ ਹੀ ਨਹੀਂ ਸਗੋਂ ਪੁਲੀਸ ਵੱਲੋਂ ਮਹਿਲਾਵਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਜਿਸ ਕਾਰਨ ਦਰਜ਼ਨਾਂ ਵਰਕਰਾਂ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੇ ਕੱਪੜੇ ਤੱਕ ਫਟ ਗਏ।’

‘ਆਪ’ ਮਹਿਲਾ ਆਗੂਆਂ ਨੇ ਦੋਸ਼ ਲਾਇਆ,‘‘ ਚੰਡੀਗੜ੍ਹ ਪੁਲੀਸ ਦਾ ਵਤੀਰਾ ਅਤਿ ਨਿੰਦਣਯੋਗ ਅਤੇ ਮੰਦਭਾਗਾ ਸੀ। ਪੁਲੀਸ ਮੁਲਾਜ਼ਮਾਂ ਵੱਲੋਂ ਮਹਿਲਾ ਪ੍ਰਦਰਸ਼ਨਕਾਰੀਆਂ ਦੇ ਕੱਪੜੇ ਫਾੜੇ ਗਏ ਅਤੇ ਉਨ੍ਹਾਂ ਨਾਲ ਸਰੀਰਕ ਛੇੜਛਾੜ ਕੀਤੀ ਗਈ, ਜੋ ਕਿ ਕਾਨੂੰਨਨ ਅਤੇ ਇਖ਼ਲਾਕੀ ਤੌਰ ’ਤੇ ਗਲਤ ਹੈ। ਪੁਲੀਸ ਮੁਲਾਜ਼ਮਾਂ ਨੇ ਉਮਰਦਰਾਜ਼ ਪ੍ਰਦਰਸ਼ਨਕਾਰੀਆਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਦੇ ਪੇਟ ਵਿੱਚ ਡੰਡੇ ਮਾਰੇ ਗਏ।’’ ਪੁਲੀਸ ਦੇ ਇਸ ਘਟੀਆ ਦਰਜੇ ਦੇ ਵਤੀਰੇ ਅਤੇ ਮਹਿਲਾ ਕਾਰਕੁਨਾਂ ਨਾਲ ਸਰੀਰਕ ਛੇੜਛਾੜ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਦੀ ਮੰਗ ਕਰਦਿਆਂ ਮਹਿਲਾ ਆਗੂਆਂ ਨੇ ਦੋਸ਼ੀ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਸਮੇਤ ਡਿਊਟੀ ’ਤੇ ਮੌਜ਼ੂਦ ਸਿਵਲ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।  

ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਤਿੰਨ ਦਿਨਾਂ ’ਚ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਵਫ਼ਦ ਵਿੱਚ ‘ਆਪ’ ਮਹਿਲਾ ਵਿੰਗ ਦੀਆਂ ਆਗੂ ਸੰਯੁਕਤ ਸਕੱਤਰ ਪੰਜਾਬ ਸਵਰਨਜੀਤ ਕੌਰ ਬਲਟਾਣਾ, ਐਡਵੋਕੇਟ ਅਮਰਦੀਪ ਕੌਰ, ਜ਼ਿਲ੍ਹਾ ਪ੍ਰਧਾਨ ਮੋਹਾਲੀ ਕਸ਼ਮੀਰ ਕੌਰ ਅਤੇ ਜ਼ਿਲ੍ਹਾ ਸਕੱਤਰ ਮੋਹਾਲੀ ਪ੍ਰਭਜੋਤ ਕੌਰ ਆਦਿ ਸ਼ਾਮਲ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.