ਤਾਜਾ ਖਬਰਾਂ
ਪਟਿਆਲਾ/ਰਾਜਪੁਰਾ, 31 ਮਈ:
ਪਟਿਆਲਾ ਪੁਲਿਸ ਨੇ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਦੋ ਅਪਰਾਧਿਕ ਪਿਛੋਕੜ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ 'ਚ ਇੱਕ ਹੋਰ ਮਾਅਰਕਾ ਮਾਰਿਆ ਹੈ। ਚਿਹਰੇ ਪਛਾਣਨ ਵਾਲੀ ਤਕਨੀਕ ਰਾਹੀਂ ਪਟਿਆਲਾ ਪੁਲਿਸ ਨੇ ਰਾਜਪੁਰਾ ਦੇ ਗਗਨ ਚੌਂਕ ਵਿਖੇ ਲਗਾਏ ਨਾਕੇ 'ਤੇ ਦੋ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਹੜੇ ਕਿ ਨਸ਼ਿਆਂ ਦੇ ਦੋ ਵੱਖ-ਵੱਖ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦੇ ਸਨ। ਇਹ ਜਾਣਕਾਰੀ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦਿੰਦਿਆਂ ਕਿਹਾ ਕਿ ਪਟਿਆਲਾ ਪੁਲਿਸ ਅਪਰਾਧੀਆਂ ਨੂੰ ਕਾਬੂ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਕਰ ਰਹੀ ਹੈ।
ਸ. ਸਿੱਧੂ ਨੇ ਦੱਸਿਆ ਕਿ ਰਾਜਪੁਰਾ ਦੇ ਫੋਕਲ ਪੁਆਇੰਟ ਦੀ ਪੁਲਿਸ ਚੌਂਕੀ ਦੇ ਇੰਚਾਰਜ ਸੌਰਵ ਸੱਭਰਵਾਲ ਦੀ ਪੁਲਿਸ ਪਾਰਟੀ ਨੇ ਜਦੋਂ 30 ਮਈ 2020 ਨੂੰ ਗਗਨ ਚੌਂਕ ਰਾਜਪੁਰਾ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਇਸੇ ਦੌਰਾਨ ਦੋ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਨਾ ਪਾਉਣ ਕਰਕੇ ਰੋਕਿਆ ਗਿਆ ਤਾਂ ਇਹ ਦੋਵੇਂ ਜਣੇ ਘਬਰਾ ਕੇ ਦੌੜਨ ਦੀ ਤਾਕ ਵਿੱਚ ਸਨ।
ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਪੁਲਿਸ ਵੱਲੋਂ ਪੁੱਛੇ ਸਵਾਲਾਂ ਦੇ ਕੋਈ ਸੰਤੋਖਜਨਕ ਜਵਾਬ ਨਾ ਦਿੱਤੇ ਤਾਂ ਪੁਲਿਸ ਚੌਂਕੀ ਇੰਚਾਰਜ ਨੇ ਇਨ੍ਹਾਂ ਦੀਆਂ ਫੋਟੋਆਂ ਖਿੱਚ ਕੇ ਪੰਜਾਬ ਪੁਲਿਸ ਵੱਲੋਂ ਜੁਰਮਾਂ ਦੇ ਰਿਕਾਰਡ ਵਾਲੇ ਅਪਰਾਧੀਆਂ ਦੀ ਪਛਾਣ ਲਈ ਬਣਾਈ ਗਈ ਐਪ, ਪੰਜਾਬ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਸਿਸਟਮ 'ਚ ਪਾ ਕੇ ਜਾਂਚ ਕੀਤੀ ਤਾਂ ਦੋਵਾਂ ਦਾ ਅਪਰਾਧਿਕ ਪਿਛੋਕੜ ਸਾਹਮਣੇ ਆ ਗਿਆ ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣੇ ਬਾਰੇ ਮੰਨਿਆ ਕਿ ਉਹ ਦੋਵੇਂ ਭਗੌੜੇ ਹਨ। ਇਨ੍ਹਾਂ ਦੋਵਾਂ ਦੀ ਪਛਾਣ ਸ਼ਿਵਾ ਅਤੇ ਵਿਸ਼ਾਲ ਵਾਸੀਅਨ ਰੋਸ਼ਨ ਕਲੋਨੀ ਰਾਜਪੁਰਾ ਵਜੋਂ ਹੋਈ। ਐਸ.ਐਸ.ਪੀ. ਨੇ ਦੱਸਿਆ ਕਿ ਸ਼ਿਵਾ ਵਿਰੁੱਧ ਐਫ.ਆਈ.ਆਰ. ਨੰਬਰ 15 ਮਿਤੀ 18 ਫਰਵਰੀ 2018 ਐਨ.ਡੀ.ਪੀ.ਐਸ. ਐਕਟ ਦੀ ਧਾਰਾ 20 ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਦਰਜ ਹੈ। ਜਦੋਂਕਿ ਵਿਸ਼ਾਲ ਵਿਰੁੱਧ ਐਫ.ਆਈ.ਆਰ. ਨੰਬਰ 121 ਮਿਤੀ 27 ਜੂਨ 2018 ਐਨ.ਡੀ.ਪੀ.ਐਸ. ਐਕਟ ਦੀ ਧਾਰਾ 20 ਥਾਣਾ ਸਦਰ ਪਟਿਆਲਾ ਵਿਖੇ ਦਰਜ ਹੈ। ਇਹ ਦੋਵੇਂ ਜਣੇ ਇਨ੍ਹਾਂ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦੇ ਸਨ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਜਿੱਥੇ ਜੁਰਮਾਂ ਨੂੰ ਰੋਕਣ ਲਈ ਪੂਰੀ ਸਰਗਰਮ ਹੈ ਉਥੇ ਹੀ ਪਟਿਆਲਾ ਪੁਲਿਸ ਦਾ ਸਾਈਬਰ ਸੈਲ ਵੀ ਸਮਾਜ ਵਿਰੋਧੀ ਅਨਸਰਾਂ ਦੀ ਪੈੜ ਨੱਪਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ।
Get all latest content delivered to your email a few times a month.