ਤਾਜਾ ਖਬਰਾਂ
ਬਾਦਲ ਪਰਿਵਾਰ ਨੇ ਕੁਰਸੀ ਦੇ ਮੋਹ ਖਾਤਰ ਅਕਾਲੀ ਦਲ ਦੇ ਸਿਧਾਂਤਾਂ ਦੀ ਬਲੀ ਦਿੱਤੀ: ਰੰਧਾਵਾ, ਕਾਂਗੜ ਤੇ ਆਸ਼ੂ
ਚੰਡੀਗੜ•, 31 ਮਈ
ਕੇਂਦਰ ਦੀ ਐਨ.ਡੀ.ਏ. ਸਰਕਾਰ ਵੱਲੋਂ ਕਰਜ਼ਾ ਲੈਣ ਸਬੰਧੀ ਸੂਬਿਆਂ ਦੇ ਅਧਿਕਾਰਾਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਲੈ ਕੇ ਕਾਂਗਰਸ ਦੇ ਮੰਤਰੀਆਂ ਨੇ ਬਾਦਲ ਪਰਿਵਾਰ ਨੂੰ ਘੇਰਿਆ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੰਘੀ ਢਾਂਚੇ ਦਾ ਗਲਾ ਘੁੱਟਣ ਦੀ ਦਿੱਲੀ ਤਖਤ ਦੀ ਕਾਰਵਾਈ ਵਿੱਚ ਬਾਦਲ ਪਰਿਵਾਰ ਬਰਾਬਰ ਦਾ ਭਾਈਵਾਲ ਹੈ ਜਿਸ ਲਈ ਸੂਬੇ ਦੇ ਲੋਕ ਉਨ•ਾਂ ਨੂੰ ਕਦੇ ਮੁਆਫ ਨਹੀਂ ਕਰਨਗੇ।
ਅੱਜ ਇਥੇ ਜਾਰੀ ਸਾਂਝੇ ਬਿਆਨ ਵਿੱਚ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਾਰੀ ਉਮਰ ਸੰਘੀ ਢਾਂਚੇ ਦੇ ਨਾਮ ਉਤੇ ਰੋਟੀਆਂ ਸੇਕਣ ਵਾਲੇ ਪ੍ਰਕਾਸ਼ ਸਿੰਘ ਬਾਦਲ ਅੱਜ ਆਪਣੇ ਪੁੱਤਰ ਤੇ ਨੂੰਹ ਵੱਲੋਂ ਸੰਘੀ ਢਾਂਚੇ ਦੇ ਦੁਸ਼ਮਣਾਂ ਨਾਲ ਹੱਥ ਮਿਲਾਉਣ ਉਤੇ ਚੁੱਪ ਕਿਉਂ ਹੈ। ਉਨ•ਾਂ ਕਿਹਾ ਕਿ ਕੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਹੀ ਪਾਰਟੀ ਦਾ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਯਾਦ ਨਹੀਂ? ਆਪਣੇ ਆਪ ਨੂੰ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਦੀ ਚੈਂਪੀਅਨ ਅਖਵਾਉਣ ਵਾਲਾ ਅਕਾਲੀ ਦਲ ਅੱਜ ਕੁਰਸੀ ਮੋਹ ਖਾਤਰ ਕੇਂਦਰ ਦੀ ਕਾਰਵਾਈ 'ਤੇ ਨਾ ਸਿਰਫ ਚੁੱਪ ਹੈ ਬਲਿਕ ਉਸ ਦੀਆਂ ਚਾਲਾਂ ਵਿੱਚ ਬਰਾਬਰ ਦਾ ਭਾਈਵਾਲ ਹੈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇਂਦਰ ਨੇ ਆਪਣੀ ਹੱਦ ਪਾਰ ਕਰਦਿਆਂ ਸੂਬਿਆਂ ਦੇ ਕਰਜ਼ਾ ਲੈਣ ਦੇ ਅਧਿਕਾਰ ਵਿੱਚ ਬੇਲੋੜੀ ਦਖਲਅੰਦਾਜ਼ੀ ਕੀਤੀ ਹੈ। ਅਕਾਲੀ ਆਗੂ ਕੇਂਦਰ ਦੇ ਫੈਸਲੇ ਦਾ ਵਿਰੋਧ ਕਰਨ ਦੀ ਬਜਾਏ ਬਿਜਲੀ ਬਿੱਲਾਂ ਬਾਰੇ ਬੇਬੁਨਿਆਦ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਝੀ ਸਾਜਿਸ਼ ਰਚ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾ ਹੀ ਸਪੱਸ਼ਟ ਆਖ ਚੁੱਕ ਹਨ ਕਿ ਜਦੋਂ ਤੱਕ ਉਹ ਸੱਤਾ ਵਿੱਚ ਹਨ ਤਾਂ ਕਿਸਾਨਾਂ ਨੂੰ ਮੁਫਤ ਬਿਜਲੀ ਮਿਲਦੀ ਰਹੇਗੀ।
ਕਾਂਗਰਸੀ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ ਉਤੇ ਚੁੱਪੀ ਤੋੜਨ ਅਤੇ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਅਤੇ ਹਰਸਿਮਰਤ ਬਾਦਲ ਨੂੰ ਕੇਂਦਰੀ ਵਜ਼ਾਰਤ ਵਿੱਚੋਂ ਅਸਤੀਫਾ ਦੇਣਾ ਲਈ ਕਿਹਾ ਹੈ। ਉਨ•ਾਂ ਕਿਹਾ ਕਿ ਬਾਦਲਾਂ ਨੇ ਆਪਣੇ ਪਰਿਵਾਰਕ ਹਿੱਤਾਂ ਅਤੇ ਕੁਰਸੀ ਮੋਹ ਕਾਰਨ ਅਕਾਲੀ ਦਲ ਦੇ ਸਿਧਾਂਤਾਂ ਦੀ ਤਿਲਾਂਜਲੀ ਦੇ ਦਿੱਤੀ ਹੈ ਅਤੇ ਅੱਜ ਅਕਾਲੀ ਦਲ ਸੂਬਿਆਂ ਦੇ ਹੱਕਾਂ ਦਾ ਘਾਣ ਕਰਨ ਵਾਲਿਆਂ ਦੇ ਪਾਲੇ ਵਿੱਚ ਬੈਠ ਗਿਆ ਹੈ। ਬਾਦਲਾਂ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ।
Get all latest content delivered to your email a few times a month.