ਤਾਜਾ ਖਬਰਾਂ
ਤਾਮਿਲਨਾਡੂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਥਾਨਕ ਪੁਲਿਸ 'ਤੇ ਸਮਾਗਮ ਦੀਆਂ ਤਿਆਰੀਆਂ ਵਿੱਚ ਅੜਿੱਕੇ ਪਾਉਣ, ਸਿੱਖ ਪ੍ਰਬੰਧਕਾਂ ਤੋਂ ਉਨ੍ਹਾਂ ਦੀ ਜਾਤੀ ਬਾਰੇ ਪੁੱਛਣ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਤਾਮਿਲ ਸਿੱਖ ਸੰਗਤ ਦੇ ਪ੍ਰਧਾਨ ਸੇਲਵਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਸ ਸ਼ਿਕਾਇਤ ਦੀ ਕਾਪੀ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੂੰ ਵੀ ਭੇਜੀ ਗਈ ਹੈ।
ਲੰਗਰ ਦਾ ਸਾਮਾਨ ਲਿਜਾਣ ਸਮੇਂ ਪੁਲਿਸ ਨੇ ਰੋਕਿਆ
ਸ਼ਿਕਾਇਤਕਰਤਾ ਸੇਲਵਾ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, 24 ਨਵੰਬਰ 2026 ਨੂੰ ਉਹ ਥੂਥੁਕੁੜੀ ਤੋਂ ਲੰਗਰ ਦਾ ਸਾਮਾਨ ਲੈ ਕੇ ਆਪਣੇ ਘਰ ਨੇੜੇ ਨਿੱਜੀ ਥਾਂ 'ਤੇ ਪ੍ਰਕਾਸ਼ ਪੁਰਬ ਸਮਾਗਮ ਦੀਆਂ ਤਿਆਰੀਆਂ ਲਈ ਜਾ ਰਹੇ ਸਨ। ਇਸ ਦੌਰਾਨ ਮੇਲਾਥੱਟੱਪਾਰਾਈ ਨੇੜੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਕੇ ਸਮਾਗਮ ਕਰਵਾਉਣ 'ਤੇ ਇਤਰਾਜ਼ ਜਤਾਇਆ। ਜਦੋਂ ਉਨ੍ਹਾਂ ਪੁਲਿਸ ਤੋਂ ਇਸ ਸਬੰਧੀ ਲਿਖਤੀ ਹੁਕਮ ਮੰਗੇ ਤਾਂ ਉਨ੍ਹਾਂ ਨੂੰ ਸੁਰੱਖਿਆ ਅਤੇ ਸਮਾਗਮ ਦੀ ਇਜਾਜ਼ਤ ਲਈ ਅਰਜ਼ੀ ਦੇਣ ਵਾਸਤੇ ਕਿਹਾ ਗਿਆ।
ਸੇਲਵਾ ਸਿੰਘ ਨੇ ਦੋਸ਼ ਲਾਇਆ ਕਿ ਅਰਜ਼ੀ ਦੀ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਜਾਤੀ ਬਾਰੇ ਸਵਾਲ ਕੀਤੇ। ਉਨ੍ਹਾਂ ਵੱਲੋਂ ਆਪਣੇ ਆਪ ਨੂੰ ਸਿੱਖ ਦੱਸਦਿਆਂ ਜਾਤ-ਪਾਤ ਰਹਿਤ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਹਵਾਲਾ ਦਿੱਤਾ ਗਿਆ। ਇਸ ਦੇ ਬਾਵਜੂਦ ਪੁਲਿਸ ਇੰਸਪੈਕਟਰ ਨੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਹਵਾਲਾ ਦੇ ਕੇ ਜਾਣਕਾਰੀ ਦਰਜ ਕੀਤੀ ਅਤੇ ਰਿਕਾਰਡ ਵਿੱਚ 'PL' ਲਿਖਿਆ।
ਸਟੇਜ ਤੇ ਲਾਊਡਸਪੀਕਰ ਲਗਾਉਣ 'ਤੇ ਕਾਰਵਾਈ ਦੀ ਚੇਤਾਵਨੀ
ਸ਼ਿਕਾਇਤ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਨੇ ਸਮਾਗਮ ਨੂੰ ਘਰ ਦੀਆਂ ਚਾਰਦੀਵਾਰੀਆਂ ਜਾਂ ਵਿਹੜੇ ਤੱਕ ਸੀਮਤ ਰੱਖਣ ਲਈ ਕਿਹਾ ਸੀ। ਪ੍ਰਬੰਧਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਬਾਹਰ ਸਟੇਜ ਲਗਾਈ ਗਈ ਜਾਂ ਲਾਊਡਸਪੀਕਰ ਚਲਾਇਆ ਗਿਆ ਤਾਂ ਸਾਮਾਨ ਜ਼ਬਤ ਕਰਕੇ ਥੱਟੱਪਾਰਾਈ ਥਾਣੇ ਲਿਜਾਇਆ ਜਾਵੇਗਾ।
ਸੇਲਵਾ ਸਿੰਘ ਮੁਤਾਬਕ ਪੁਲਿਸ ਨੇ ਸਟੇਜ ਅਤੇ ਸਾਊਂਡ ਸਿਸਟਮ ਦੇ ਮਾਲਕਾਂ ਵਿਰੁੱਧ ਕੇਸ ਦਰਜ ਕਰਨ ਦੀ ਗੱਲ ਵੀ ਕਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਬੰਧਾਂ ਨਾਲ ਜੁੜੇ ਗਰੀਬ ਮਜ਼ਦੂਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਨਾ ਹੋਵੇ, ਇਸ ਲਈ ਉਨ੍ਹਾਂ ਨੇ ਕੋਈ ਵਿਵਾਦ ਖੜ੍ਹਾ ਕਰਨ ਦੀ ਬਜਾਏ ਚੁੱਪ ਰਹਿਣਾ ਬਿਹਤਰ ਸਮਝਿਆ।
ਉਨ੍ਹਾਂ ਵੱਲੋਂ ਸਮਾਗਮ ਲਈ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਦਾ ਸਮਾਂ ਮੰਗਿਆ ਗਿਆ ਸੀ, ਪਰ ਪੁਲਿਸ ਵੱਲੋਂ ਜਾਰੀ ਲਿਖਤੀ ਮਨਜ਼ੂਰੀ ਵਿੱਚ ਸ਼ਾਮ 5 ਵਜੇ ਤੋਂ 7:30 ਵਜੇ ਤੱਕ ਦਾ ਸਮਾਂ ਹੀ ਦਿੱਤਾ ਗਿਆ।
500 ਦੇ ਕਰੀਬ ਸ਼ਰਧਾਲੂਆਂ ਨੇ ਕੀਤੀ ਸ਼ਮੂਲੀਅਤ
ਪੁਲਿਸ ਵੱਲੋਂ ਲਗਾਈਆਂ ਗਈਆਂ ਸ਼ਰਤਾਂ ਦੇ ਬਾਵਜੂਦ ਸਿੱਖ ਸੰਗਤ ਨੇ ਬਿਨਾਂ ਸਟੇਜ ਅਤੇ ਲਾਊਡਸਪੀਕਰ ਦੇ ਸ਼ਾਂਤਮਈ ਢੰਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ। ਇਸ ਧਾਰਮਿਕ ਸਮਾਗਮ ਵਿੱਚ ਲਗਭਗ 500 ਸ਼ਰਧਾਲੂ ਸ਼ਾਮਲ ਹੋਏ।
ਅਕਾਲ ਤਖ਼ਤ ਸਾਹਿਬ ਤੋਂ ਜਾਂਚ ਅਤੇ ਕਾਰਵਾਈ ਦੀ ਮੰਗ
ਸੇਲਵਾ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਤਾਮਿਲਨਾਡੂ ਪੁਲਿਸ ਦੇ ਸਬੰਧਤ ਅਧਿਕਾਰੀਆਂ ਤੋਂ ਜਵਾਬ ਤਲਬ ਕੀਤਾ ਜਾਵੇ। ਉਨ੍ਹਾਂ ਨੇ ਜਾਤੀ ਸਬੰਧੀ ਪੁੱਛਗਿੱਛ, ਸਮਾਗਮ 'ਤੇ ਕਥਿਤ ਮੌਖਿਕ ਪਾਬੰਦੀਆਂ ਅਤੇ ਸਟੇਜ ਤੇ ਸਾਊਂਡ ਪ੍ਰਬੰਧਕਾਂ ਨੂੰ ਦਿੱਤੀਆਂ ਧਮਕੀਆਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਤਾਮਿਲਨਾਡੂ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਮਾਮਲਾ ਉਠਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਦੱਖਣੀ ਭਾਰਤ ਵਿੱਚ ਰਹਿ ਰਹੇ ਸਿੱਖਾਂ ਦੇ ਧਾਰਮਿਕ ਅਤੇ ਸੰਵਿਧਾਨਕ ਅਧਿਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਣ-ਸਨਮਾਨ ਦੀ ਰਾਖੀ ਯਕੀਨੀ ਬਣਾਈ ਜਾ ਸਕੇ।
Get all latest content delivered to your email a few times a month.