ਤਾਜਾ ਖਬਰਾਂ
ਥਾਣਾ ਨੰਦਗੜ੍ਹ ਦੇ ਐੱਸਐੱਚਓ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਅੱਠ ਮਹੀਨੇ ਪਹਿਲਾਂ ਪਿੰਡ ਬਾਜਕ ਦੇ ਰਹਿਣ ਵਾਲੇ ਗੁਰਪਾਲ ਸਿੰਘ ਦੇ ਪਸ਼ੂਆਂ ਵਾਲੇ ਵਾੜੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਣਪਛਾਤੇ ਚੋਰ ਰਾਤ ਸਮੇਂ ਵਾੜੇ ਦੀ ਕੰਧ ਤੋੜ ਕੇ ਦੋ ਅਮਰੀਕਨ ਗਾਵਾਂ ਲੈ ਗਏ ਸਨ। ਇਨ੍ਹਾਂ ਪਸ਼ੂਆਂ ਦੀ ਬਾਜ਼ਾਰੀ ਕੀਮਤ ਲਗਭਗ 3 ਲੱਖ ਰੁਪਏ ਦੱਸੀ ਗਈ ਸੀ।
ਚੋਰੀ ਤੋਂ ਬਾਅਦ ਪਸ਼ੂ ਮਾਲਕ ਨੇ ਆਪਣੇ ਪੱਧਰ 'ਤੇ ਗਾਵਾਂ ਦੀ ਭਾਲ ਕੀਤੀ, ਪਰ ਕੋਈ ਜਾਣਕਾਰੀ ਨਾ ਮਿਲਣ 'ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਤਕਨੀਕੀ ਜਾਂਚ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਤਫ਼ਤੀਸ਼ ਸ਼ੁਰੂ ਕੀਤੀ।
ਜਾਂਚ ਦੌਰਾਨ ਪੁਲਿਸ ਨੂੰ ਬਲਜੀਤ ਸਿੰਘ ਵਾਸੀ ਮੁੱਦਕੀ, ਜ਼ਿਲ੍ਹਾ ਫ਼ਰੀਦਕੋਟ ਅਤੇ ਉਸ ਦੇ ਸਾਥੀਆਂ ਬਾਰੇ ਅਹਿਮ ਸੁਰਾਗ ਮਿਲੇ। ਇਸ ਮਗਰੋਂ ਬਲਜੀਤ ਸਿੰਘ ਅਤੇ ਸੁਖਚੈਨ ਸਿੰਘ ਵਾਸੀ ਸਾਹਿਬ ਚੰਦ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਐੱਸਆਈ ਗਿਆਨ ਚੰਦ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਮੁੱਦਕੀ ਤੋਂ ਬਲਜੀਤ ਸਿੰਘ ਨੂੰ ਉਸ ਦੇ ਸਾਥੀਆਂ ਸਮੇਤ ਕਾਬੂ ਕਰ ਲਿਆ।
ਪੁਲਿਸ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਬਲੈਰੋ ਪਿੱਕਅੱਪ ਰਾਹੀਂ ਦੋਵੇਂ ਗਾਵਾਂ ਚੋਰੀ ਕੀਤੀਆਂ ਸਨ ਅਤੇ ਬਾਅਦ ਵਿੱਚ ਇਨ੍ਹਾਂ ਨੂੰ ਮਹਿਜ਼ 60 ਹਜ਼ਾਰ ਰੁਪਏ ਵਿੱਚ ਗੁਰਭੇਜ ਸਿੰਘ ਨਾਮਕ ਵਿਅਕਤੀ ਨੂੰ ਵੇਚ ਦਿੱਤਾ ਸੀ।
ਇਸ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਸ਼ਿਕਾਇਤਕਰਤਾ ਨੂੰ ਨਾਲ ਲੈ ਕੇ ਪਿੰਡ ਹਰੀਕੇ, ਥਾਣਾ ਬਰੀਵਾਲਾ ਦੇ ਰਹਿਣ ਵਾਲੇ ਗੁਰਭੇਜ ਸਿੰਘ ਦੇ ਘਰ ਛਾਪਾ ਮਾਰਿਆ। ਉੱਥੋਂ ਗੁਰਭੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੋਵੇਂ ਚੋਰੀਸ਼ੁਦਾ ਗਾਵਾਂ ਵੀ ਬਰਾਮਦ ਕਰ ਲਈਆਂ ਗਈਆਂ। ਬਾਅਦ ਵਿੱਚ ਇਨ੍ਹਾਂ ਨੂੰ ਅਸਲ ਮਾਲਕ ਗੁਰਪਾਲ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਨੇ ਚੋਰੀ ਦੀ ਵਾਰਦਾਤ ਵਿੱਚ ਵਰਤੀ ਗਈ ਬਲੈਰੋ ਪਿੱਕਅੱਪ ਗੱਡੀ ਵੀ ਜ਼ਬਤ ਕਰ ਲਈ ਹੈ। ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ ਬਲਜੀਤ ਸਿੰਘ, ਗੁਰਭੇਜ ਸਿੰਘ ਅਤੇ ਲਖਵਿੰਦਰ ਸਿੰਘ ਉਰਫ਼ ਕਿੰਦਰ ਵਾਸੀ ਗੁਰੂ ਨਾਨਕ ਨਗਰੀ ਮੁਹੱਲਾ, ਕੋਟਕਪੂਰਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਲਈ ਪੁਲਿਸ ਵੱਲੋਂ ਅਗਲੀ ਜਾਂਚ ਜਾਰੀ ਹੈ।
Get all latest content delivered to your email a few times a month.