ਤਾਜਾ ਖਬਰਾਂ
ਚੰਡੀਗੜ੍ਹ, 27 ਨਵੰਬਰ: ਪੰਜਾਬ ਨੇ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ 13 ਤੋਂ 27 ਨਵੰਬਰ ਤੱਕ ਆਯੋਜਿਤ 45ਵੇਂ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (IITF) 2026 ਵਿੱਚ ਸਾਰੇ ਰਾਜਾਂ ਵਿੱਚੋਂ ਸਰਵੋਤਮ ਥੀਮੈਟਿਕ ਪੇਸ਼ਕਾਰੀ ਲਈ ਗੋਲਡ ਮੈਡਲ ਹਾਸਲ ਕੀਤਾ ਹੈ।
ਡਾ. ਬਸੰਤ ਗਰਗ, IAS, ਪ੍ਰਸ਼ਾਸਕੀ ਸਕੱਤਰ, ਉਦਯੋਗ, ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਨੇ ਕਿਹਾ ਕਿ ਇਹ ਪ੍ਰਾਪਤੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਅਤੇ ਕੈਬਨਿਟ ਮੰਤਰੀ ਸ. ਅਮਨ ਅਰੋੜਾ ਦੇ ਮਾਰਗਦਰਸ਼ਨ ਸਦਕਾ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਦਯੋਗਿਕ ਵਿਕਾਸ, ਨਿਵੇਸ਼ ਪ੍ਰੋਤਸਾਹਨ ਅਤੇ ਰੋਜ਼ਗਾਰ ਸਿਰਜਣ 'ਤੇ ਲਗਾਤਾਰ ਦਿੱਤੇ ਜਾ ਰਹੇ ਧਿਆਨ ਨਾਲ ਪੰਜਾਬ ਦੇ ਵਿਕਾਸਮੁਖੀ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨਿਵੇਸ਼ਕਾਂ, ਉੱਦਮੀਆਂ ਅਤੇ ਉਦਯੋਗਾਂ ਲਈ ਅਨੁਕੂਲ ਮਾਹੌਲ ਸਿਰਜਣ ਦੇ ਨਾਲ-ਨਾਲ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਇਹ ਗੋਲਡ ਮੈਡਲ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਸਰਕਾਰ ਵੱਲੋਂ ਸਥਾਪਿਤ ਪੰਜਾਬ ਪੈਵਿਲੀਅਨ ਨੂੰ ਇਸ ਦੀ ਸ਼ਾਨਦਾਰ ਥੀਮੈਟਿਕ ਪੇਸ਼ਕਾਰੀ, ਨਵੀਨਤਮ ਪ੍ਰਦਰਸ਼ਨ ਅਤੇ ਸਮੁੱਚੀ ਉੱਤਮਤਾ ਦੇ ਸਨਮਾਨ ਵਜੋਂ ਪ੍ਰਦਾਨ ਕੀਤਾ ਗਿਆ ਹੈ। ਇਸ ਪੁਰਸਕਾਰ ਦਾ ਮੁਲਾਂਕਣ ਭਾਰਤ ਸਰਕਾਰ ਵੱਲੋਂ ਨਿਯੁਕਤ ਸੁਤੰਤਰ ਜਿਊਰੀ ਨੇ ਕੀਤਾ ਅਤੇ ਇਸ ਦਾ ਐਲਾਨ ਅੱਜ ਕੀਤਾ ਗਿਆ।
ਇਸ ਸ਼ਾਨਦਾਰ ਪ੍ਰਾਪਤੀ ਲਈ ਟੀਮ ਨੂੰ ਵਧਾਈ ਦਿੰਦਿਆਂ ਡਾ. ਗਰਗ ਨੇ ਕਿਹਾ ਕਿ ਸਾਰੇ ਰਾਜਾਂ ਵਿੱਚੋਂ ਗੋਲਡ ਮੈਡਲ ਜਿੱਤਣਾ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ ਅਤੇ ਇਹ ਸੂਬੇ ਦੀ ਅਮੀਰ ਉਦਯੋਗਿਕ ਸਮਰੱਥਾ, ਜੀਵੰਤ ਸੱਭਿਆਚਾਰ, ਉੱਦਮੀ ਭਾਵਨਾ ਅਤੇ ਪ੍ਰਗਤੀਸ਼ੀਲ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਪੰਜਾਬ ਪੈਵਿਲੀਅਨ ਦੀ ਸੰਕਲਪਨਾ, ਡਿਜ਼ਾਈਨ ਅਤੇ ਅਮਲ ਨਾਲ ਜੁੜੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮੁੱਚੀ ਟੀਮ ਦੇ ਯਤਨਾਂ ਤੇ ਸਮਰਪਣ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਸਨਮਾਨ ਉਦਯੋਗ ਅਤੇ ਵਣਜ ਵਿਭਾਗ ਨੂੰ ਪੰਜਾਬ ਦੇ ਉਦਯੋਗਿਕ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ, ਨਿਵੇਸ਼ ਆਕਰਸ਼ਿਤ ਕਰਨ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ 'ਤੇ ਸੂਬੇ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਨ ਦੇ ਯਤਨਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਹੋਰ ਪ੍ਰੇਰਿਤ ਕਰੇਗਾ।
Get all latest content delivered to your email a few times a month.