IMG-LOGO
ਹੋਮ ਪੰਜਾਬ: ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆਉਣਗੇ ਪਾਇਲਟ ਦੇ ਬਿਆਨ; ਅਕਾਲੀ-ਭਾਜਪਾ...

ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆਉਣਗੇ ਪਾਇਲਟ ਦੇ ਬਿਆਨ; ਅਕਾਲੀ-ਭਾਜਪਾ ਗਠਜੋੜ ਨੂੰ ਦੱਸਿਆ 'ਮੌਕਾਪ੍ਰਸਤੀ'

Admin User - Nov 23, 2026 11:47 AM
IMG

ਅੰਮ੍ਰਿਤਸਰ : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਲੜੀ ਤਹਿਤ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਕਾਂਗਰਸ ਦੀ ਚੋਣ ਰਣਨੀਤੀ ਦਾ ਖੁਲਾਸਾ ਕੀਤਾ।


ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਇਕੱਠੇ ਹੋਣ ਦੀਆਂ ਕਿਆਸਅਰਾਈਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਸਚਿਨ ਪਾਇਲਟ ਨੇ ਇਸ ਨੂੰ 'ਮੌਕਾਪ੍ਰਸਤੀ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਪੰਜ ਸਾਲਾਂ ਦੌਰਾਨ ਤਿੰਨ ਖੇਤੀ ਕਾਨੂੰਨਾਂ, ਕਿਸਾਨ ਅੰਦੋਲਨ ਦੌਰਾਨ ਹੋਈਆਂ ਮੌਤਾਂ ਅਤੇ ਨਸ਼ਿਆਂ ਦੇ ਮੁੱਦੇ 'ਤੇ ਦੋਵੇਂ ਪਾਰਟੀਆਂ ਇੱਕ-ਦੂਜੇ ਖ਼ਿਲਾਫ਼ ਗੰਭੀਰ ਇਲਜ਼ਾਮ ਲਾਉਂਦੀਆਂ ਰਹੀਆਂ ਹਨ। ਪਾਇਲਟ ਨੇ ਸਵਾਲ ਉਠਾਇਆ ਕਿ ਕੀ ਹੁਣ ਉਹ ਸਾਰੇ ਮੁੱਦੇ ਹੱਲ ਹੋ ਗਏ ਹਨ, ਜਿਨ੍ਹਾਂ ਕਰਕੇ ਇਹ ਗਠਜੋੜ ਟੁੱਟਿਆ ਸੀ? ਉਨ੍ਹਾਂ ਮੁਤਾਬਕ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਦੋਵੇਂ ਦਲ ਆਪਣੀ ਗੁਆਚੀ ਸਿਆਸੀ ਜ਼ਮੀਨ ਬਚਾਉਣ ਲਈ ਮਜਬੂਰੀ ਵੱਸ ਹੱਥ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।


ਸੂਬੇ ਦੀ ਮੌਜੂਦਾ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟ ਕਰਦਿਆਂ ਕਾਂਗਰਸ ਇੰਚਾਰਜ ਨੇ ਕਿਹਾ ਕਿ ਪੰਜਾਬ ਇੱਕ ਸੰਵੇਦਨਸ਼ੀਲ ਸਰਹੱਦੀ ਸੂਬਾ ਹੈ, ਜਿੱਥੇ ਇੱਕ ਗੰਭੀਰ ਅਤੇ ਜ਼ਿੰਮੇਵਾਰ ਸਰਕਾਰ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦਾ ਇਕਬਾਲ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ ਅਤੇ ਸੂਬੇ ਦੇ ਲੋਕ ਹੁਣ ਬਦਲਾਅ ਦਾ ਮਨ ਬਣਾ ਚੁੱਕੇ ਹਨ, ਜਿਸ ਲਈ ਕਾਂਗਰਸ ਹੀ ਇੱਕੋ-ਇੱਕ ਭਰੋਸੇਯੋਗ ਬਦਲ ਹੈ।


ਪਾਰਟੀ ਦੀਆਂ ਚੋਣ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਪਾਇਲਟ ਨੇ ਦੱਸਿਆ ਕਿ ਸਕ੍ਰੀਨਿੰਗ ਕਮੇਟੀ ਦਾ ਗਠਨ ਹੋ ਚੁੱਕਾ ਹੈ ਅਤੇ ਜਲਦ ਹੀ ਪੰਜਾਬ ਪ੍ਰਦੇਸ਼ ਇਲੈਕਸ਼ਨ ਕਮੇਟੀ ਦੀ ਮੀਟਿੰਗ ਕਰਕੇ ਉਮੀਦਵਾਰਾਂ ਦੇ ਨਾਵਾਂ 'ਤੇ ਮੰਥਨ ਕੀਤਾ ਜਾਵੇਗਾ। ਇੱਕੋ ਸੀਟ 'ਤੇ ਕਈ ਦਾਅਵੇਦਾਰ ਹੋਣ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਦੀ ਸੰਭਾਵਨਾ ਕਾਰਨ ਉਮੀਦਵਾਰਾਂ ਵਿੱਚ ਉਤਸ਼ਾਹ ਹੈ, ਪਰ ਟਿਕਟਾਂ ਦੀ ਵੰਡ ਸਿਰਫ਼ ਲੋਕਾਂ ਦੇ ਫੀਡਬੈਕ, ਯੋਗਤਾ ਅਤੇ ਜਿੱਤਣ ਦੀ ਸਮਰੱਥਾ ਦੇ ਆਧਾਰ 'ਤੇ ਹੀ ਕੀਤੀ ਜਾਵੇਗੀ।


ਭਾਜਪਾ ਵੱਲੋਂ ਸੁਝਾਅ ਮੰਗਣ ਲਈ ਜਾਰੀ ਕੀਤੇ ਨੰਬਰ ਅਤੇ 'ਡਬਲ ਇੰਜਣ' ਸਰਕਾਰ ਦੇ ਦਾਅਵਿਆਂ 'ਤੇ ਤੰਜ ਕੱਸਦਿਆਂ ਪਾਇਲਟ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਰਾਜਸਥਾਨ ਦੇ ਪੰਚਾਇਤੀ ਚੋਣ ਨਤੀਜਿਆਂ ਰਾਹੀਂ ਜਨਤਾ ਨੇ ਭਾਜਪਾ ਨੂੰ ਆਪਣਾ ਸੁਝਾਅ ਦੇ ਦਿੱਤਾ ਹੈ ਅਤੇ ਹੁਣ ਪਾਰਟੀ ਨੂੰ ਆਤਮ-ਮੰਥਨ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਸਿਆਸਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਆਗਾਮੀ ਚੋਣਾਂ ਵਿੱਚ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਮਿਲ ਕੇ ਚੋਣ ਲੜਨਗੀਆਂ ਅਤੇ ਜਲਦ ਹੀ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇ ਕੇ ਗਠਜੋੜ ਦੀ ਸਰਕਾਰ ਬਣਾਈ ਜਾਵੇਗੀ।


ਅੰਮ੍ਰਿਤਸਰ ਫੇਰੀ ਦੌਰਾਨ ਸਚਿਨ ਪਾਇਲਟ ਵੱਲੋਂ ਦਿੱਤੇ ਇਨ੍ਹਾਂ ਬਿਆਨਾਂ ਨੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸੀ ਸਰਗਰਮੀ ਨੂੰ ਹੋਰ ਭਖਾ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.