ਤਾਜਾ ਖਬਰਾਂ
ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਹੁਣ ਖੇਡ ਦੇ ਮੈਦਾਨ ਤੋਂ ਬਾਅਦ ਰਾਜਨੀਤੀ ਦੇ ਖੇਤਰ ਵਿੱਚ ਵੀ ਕਦਮ ਰੱਖਣ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ 21 ਨਵੰਬਰ ਨੂੰ ਜਾਰੀ ਕੀਤੀ ਗਈ ਰਾਸ਼ਟਰੀ ਓਬੀਸੀ ਮੋਰਚੇ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਸੂਚੀ ਵਿੱਚ ਚਾਹਲ ਨੂੰ ਬਤੌਰ 'ਵਿਸ਼ੇਸ਼ ਸੱਦਾ ਮੈਂਬਰ' (Special Invitee) ਸ਼ਾਮਲ ਕੀਤਾ ਗਿਆ ਹੈ।
ਭਾਜਪਾ ਵੱਲੋਂ ਜਾਰੀ ਸੂਚਨਾ ਅਨੁਸਾਰ, ਚਾਹਲ ਦੀ ਇਸ ਨਿਯੁਕਤੀ ਨੂੰ ਉਨ੍ਹਾਂ ਦੇ ਜਨਤਕ ਜੀਵਨ ਵਿੱਚ ਇੱਕ ਅਹਿਮ ਮੋੜ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਪਾਰਟੀ ਲੀਡਰਸ਼ਿਪ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸ ਨਵੀਂ ਭੂਮਿਕਾ ਤਹਿਤ ਉਨ੍ਹਾਂ ਨੂੰ ਕਿਹੜੀਆਂ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਅਤੇ ਸੰਗਠਨ ਵਿੱਚ ਉਨ੍ਹਾਂ ਦੀ ਸਰਗਰਮੀ ਕਿਸ ਪੱਧਰ ਦੀ ਰਹੇਗੀ।
ਸਿਆਸੀ ਗਲਿਆਰਿਆਂ ਵਿੱਚ 'ਵਿਸ਼ੇਸ਼ ਸੱਦਾ ਮੈਂਬਰ' ਦਾ ਅਹੁਦਾ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ, ਜਿਸ ਤਹਿਤ ਸਬੰਧਤ ਵਿਅਕਤੀ ਨੂੰ ਪਾਰਟੀ ਦੀਆਂ ਅਹਿਮ ਮੀਟਿੰਗਾਂ, ਨੀਤੀਗਤ ਵਿਚਾਰ-ਵਟਾਂਦਰਿਆਂ ਅਤੇ ਵੱਡੇ ਸਮਾਗਮਾਂ ਵਿੱਚ ਵਿਸ਼ੇਸ਼ ਤੌਰ 'ਤੇ ਬੁਲਾਇਆ ਜਾਂਦਾ ਹੈ। ਇਸ ਅਹੁਦੇ ਦੇ ਅਧਿਕਾਰ ਅਤੇ ਕਾਰਜ-ਖੇਤਰ ਪੂਰੀ ਤਰ੍ਹਾਂ ਪਾਰਟੀ ਦੇ ਨਿਯਮਾਂ ਅਤੇ ਹਾਈਕਮਾਨ ਦੇ ਫੈਸਲਿਆਂ 'ਤੇ ਨਿਰਭਰ ਕਰਦੇ ਹਨ।
ਇਸ ਨਵੀਂ ਜ਼ਿੰਮੇਵਾਰੀ ਮਿਲਣ 'ਤੇ ਯੁਜਵੇਂਦਰ ਚਾਹਲ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਸੰਦੇਸ਼ ਸਾਂਝਾ ਕਰਦਿਆਂ ਭਾਜਪਾ ਦੀ ਸਮੁੱਚੀ ਸਿਖਰਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅਤੇ ਓਬੀਸੀ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਅਮਰਪਾਲ ਮੌਰੀਆ ਦਾ ਵਿਸ਼ੇਸ਼ ਤੌਰ 'ਤੇ ਆਭਾਰ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀ ਪਰਿਵਾਰ ਵਿੱਚ ਉਨ੍ਹਾਂ ਨੂੰ ਜੋ ਮਾਣ-ਸਤਿਕਾਰ ਦਿੱਤਾ ਗਿਆ ਹੈ, ਉਸ ਲਈ ਉਹ ਸਦਾ ਰਿਣੀ ਰਹਿਣਗੇ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਇਸ ਸਟਾਰ ਖਿਡਾਰੀ ਦੀਆਂ ਸੇਵਾਵਾਂ ਕਿਸ ਤਰ੍ਹਾਂ ਲੈਂਦੀ ਹੈ।
Get all latest content delivered to your email a few times a month.