IMG-LOGO
ਹੋਮ ਪੰਜਾਬ: 26 ਨਵੰਬਰ ਨੂੰ ਮੋਗਾ ਵਿਖੇ 'ਆਪ' ਦੀ ਮਹਾਂ ਰੈਲੀ ਨਾਲ...

26 ਨਵੰਬਰ ਨੂੰ ਮੋਗਾ ਵਿਖੇ 'ਆਪ' ਦੀ ਮਹਾਂ ਰੈਲੀ ਨਾਲ ਵੱਜੇਗਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ: ਸ਼ੈਰੀ ਕਲਸੀ

Admin User - Nov 19, 2026 05:49 PM
IMG

ਮੋਗਾ / ਚੰਡੀਗੜ੍ਹ, 19 ਨਵੰਬਰ-

ਆਮ ਆਦਮੀ ਪਾਰਟੀ ('ਆਪ') ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ 'ਆਪ' ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ ਨੂੰ 26 ਨਵੰਬਰ ਨੂੰ ਮੋਗਾ ਵਿਖੇ ਹੋਣ ਵਾਲੀ ਪਾਰਟੀ ਦੀ ਮੈਗਾ ਸਥਾਪਨਾ ਦਿਵਸ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਇਸ ਇਤਿਹਾਸਕ ਇਕੱਠ ਵਿੱਚ ਪੰਜਾਬ ਭਰ ਤੋਂ ਪਾਰਟੀ ਵਲੰਟੀਅਰਾਂ, ਵਰਕਰਾਂ, ਆਗੂਆਂ ਅਤੇ ਸਮਰਥਕਾਂ ਸਮੇਤ ਇੱਕ ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਰੈਲੀ ਵਿੱਚ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸ਼ਿਰਕਤ ਕਰੇਗੀ, ਜੋ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਰਸਮੀ ਤੌਰ 'ਤੇ ਚੋਣ ਬਿਗਲ ਵੀ ਵਜਾਏਗੀ।

'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ, “26 ਨਵੰਬਰ ਦੀ ਰੈਲੀ ਵਿਰੋਧੀ ਪਾਰਟੀਆਂ ਨੂੰ ਇੱਕ ਸਖ਼ਤ ਸਿਆਸੀ ਸੰਦੇਸ਼ ਦੇਵੇਗੀ ਅਤੇ ਪੰਜਾਬ ਵਿੱਚ 'ਆਪ' ਸਰਕਾਰ ਵੱਲੋਂ ਪੰਜ ਸਾਲਾਂ ਦੇ ਸਮਰਪਿਤ ਕੰਮਾਂ ਸਦਕਾ ਹਾਸਲ ਕੀਤੇ ਲੋਕ ਸਮਰਥਨ ਨੂੰ ਦਰਸਾਏਗੀ। ਸੂਬੇ ਦੇ ਕੋਨੇ-ਕੋਨੇ ਤੋਂ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਅਤੇ ਇਸ ਇਕੱਠ ਦਾ ਵਿਸ਼ਾਲ ਰੂਪ ਨਾ ਸਿਰਫ਼ ਪੰਜਾਬ, ਸਗੋਂ ਪੂਰੇ ਦੇਸ਼ ਵਿੱਚ ਇੱਕ ਸ਼ਕਤੀਸ਼ਾਲੀ ਸੰਦੇਸ਼ ਦੇਵੇਗਾ। ਲੋਕ ਇੱਕ ਵਾਰ ਫਿਰ 'ਆਪ' ਸਰਕਾਰ ਵੱਲੋਂ ਕੀਤੇ ਕੰਮਾਂ ਵਿੱਚ ਆਪਣਾ ਭਰੋਸਾ ਪ੍ਰਗਟ ਕਰਨਗੇ।”

ਰੈਲੀ ਵਾਲੀ ਥਾਂ ਵਜੋਂ ਮੋਗਾ ਦੀ ਚੋਣ ਬਾਰੇ ਦੱਸਦਿਆਂ 'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ, “ਪਾਰਟੀ ਲੀਡਰਸ਼ਿਪ ਅਤੇ ਸਾਡੇ ਵਿਧਾਇਕਾਂ ਨੇ ਸਾਂਝੇ ਤੌਰ 'ਤੇ ਫੈਸਲਾ ਕੀਤਾ ਕਿ ਮਾਝਾ, ਦੋਆਬਾ, ਮਾਲਵਾ ਅਤੇ ਸਰਹੱਦੀ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਲਈ ਕੇਂਦਰੀ ਸਥਾਨ ਅਤੇ ਪਹੁੰਚ ਦੀ ਸਹੂਲਤ ਕਾਰਨ ਮੋਗਾ ਸਭ ਤੋਂ ਢੁਕਵੀਂ ਥਾਂ ਹੋਵੇਗੀ। ਇਹ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਿਆਸੀ ਇਕੱਠਾਂ ਵਿੱਚੋਂ ਇੱਕ ਹੋਵੇਗਾ ਅਤੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਇਸ ਦਾ ਆਯੋਜਨ ਕੀਤਾ ਜਾਣਾ ਇਸ ਮੌਕੇ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ।”

ਇਸ ਦੌਰਾਨ 'ਆਪ' ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “ਲਗਭਗ 116 ਏਕੜ ਜ਼ਮੀਨ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋੜ ਪੈਣ 'ਤੇ ਇਸ ਥਾਂ ਨੂੰ ਹੋਰ ਵਧਾਉਣ ਦੀ ਵਿਵਸਥਾ ਵੀ ਰੱਖੀ ਗਈ ਹੈ। ਇਸ ਵਿੱਚ ਇੱਕ ਲੱਖ ਤੋਂ ਵੱਧ ਪਾਰਟੀ ਸਮਰਥਕਾਂ, ਵਰਕਰਾਂ, ਵਲੰਟੀਅਰਾਂ ਅਤੇ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਰੈਲੀ ਵਾਲੀ ਪੂਰੀ ਥਾਂ ਨੂੰ ਕਵਰ (ਢੱਕਿਆ) ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਉਣ ਲਈ ਕਿ ਕਿਸੇ ਨੂੰ ਕੋਈ ਅਸੁਵਿਧਾ ਨਾ ਹੋਵੇ, ਪੰਡਾਲ ਦੇ ਅੰਦਰ ਹੀ ਪਖਾਨੇ, ਖਾਣ-ਪੀਣ ਅਤੇ ਪੀਣ ਵਾਲੇ ਪਾਣੀ ਸਮੇਤ ਸਾਰੀਆਂ ਜ਼ਰੂਰੀ ਸਹੂਲਤਾਂ ਉਪਲਬਧ ਹੋਣਗੀਆਂ।”

ਪਾਰਕਿੰਗ ਪ੍ਰਬੰਧਾਂ ਦਾ ਵੇਰਵਾ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ, “ਟ੍ਰੈਫਿਕ ਜਾਮ ਤੋਂ ਬਚਣ ਲਈ ਰੈਲੀ ਵਾਲੀ ਥਾਂ ਦੇ ਦੋਵੇਂ ਪਾਸੇ ਵੱਖ-ਵੱਖ ਪਾਰਕਿੰਗ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਲੁਧਿਆਣਾ ਵਾਲੇ ਪਾਸਿਓਂ ਆਉਣ ਵਾਲੇ ਵਾਹਨਾਂ ਅਤੇ ਬੱਸਾਂ ਨੂੰ ਇੱਕ ਨਿਰਧਾਰਤ ਪਾਰਕਿੰਗ ਖੇਤਰ ਵੱਲ ਭੇਜਿਆ ਜਾਵੇਗਾ, ਜਦੋਂ ਕਿ ਮੋਗਾ ਵਾਲੇ ਪਾਸਿਓਂ ਲੋਕਾਂ ਦੀ ਵੱਡੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਉਸ ਪਾਸੇ ਇੱਕ ਵੱਡੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।”

ਔਰਤਾਂ ਅਤੇ ਬਜ਼ੁਰਗਾਂ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਬੋਲਦਿਆਂ ਬਲਤੇਜ ਪੰਨੂ ਨੇ ਕਿਹਾ, “ਪਿਛਲੀਆਂ ਰੈਲੀਆਂ ਦੌਰਾਨ ਔਰਤਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ, ਅਸੀਂ ਲੋਕਾਂ ਨੂੰ ਨਿਰਧਾਰਤ ਡਰਾਪ-ਆਫ ਪੁਆਇੰਟਾਂ ਅਤੇ ਪਾਰਕਿੰਗ ਖੇਤਰਾਂ ਤੋਂ ਰੈਲੀ ਵਾਲੀ ਥਾਂ ਤੱਕ ਲਿਜਾਣ ਲਈ ਬੱਸਾਂ ਅਤੇ ਈ-ਰਿਕਸ਼ਿਆਂ ਦਾ ਪ੍ਰਬੰਧ ਕੀਤਾ ਹੈ। ਇਹ ਸਹੂਲਤਾਂ ਯਕੀਨੀ ਬਣਾਉਣਗੀਆਂ ਕਿ ਔਰਤਾਂ, ਬਜ਼ੁਰਗ ਅਤੇ ਹੋਰ ਲੋਕ ਬਿਨਾਂ ਲੰਬੀ ਦੂਰੀ ਪੈਦਲ ਤੈਅ ਕੀਤੇ ਆਰਾਮ ਨਾਲ ਪੰਡਾਲ ਤੱਕ ਪਹੁੰਚ ਸਕਣ।”

ਬਲਤੇਜ ਪੰਨੂ ਨੇ ਅੱਗੇ ਕਿਹਾ, “ਮੋਗਾ ਦੀ ਕੇਂਦਰੀ ਸਥਿਤੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਫ਼ਰ ਕਰਕੇ ਆਉਣ ਵਾਲੇ ਲੋਕਾਂ ਲਈ ਇਸ ਨੂੰ ਸੁਵਿਧਾਜਨਕ ਬਣਾਉਂਦੀ ਹੈ। ਅਸੀਂ ਪ੍ਰਬੰਧਾਂ ਦੇ ਹਰ ਪਹਿਲੂ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਤਾਂ ਜੋ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਸੁਖਾਵਾਂ, ਸੁਚੱਜਾ ਅਤੇ ਆਰਾਮਦਾਇਕ ਅਨੁਭਵ ਮਿਲੇ।”

ਦੋਵਾਂ ਆਗੂਆਂ ਨੇ ਕਿਹਾ ਕਿ 26 ਨਵੰਬਰ ਦਾ ਇਹ ਇਕੱਠ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 'ਆਪ' ਦੀ ਮੁਹਿੰਮ ਦੀ ਰਸਮੀ ਸ਼ੁਰੂਆਤ ਹੋਵੇਗਾ। 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਦੀ ਸ਼ਮੂਲੀਅਤ ਨਾਲ ਸਥਾਪਨਾ ਦਿਵਸ ਦੀ ਇਹ ਰੈਲੀ ਪਾਰਟੀ ਅਤੇ ਪੰਜਾਬ ਵਿੱਚ ਇਸ ਦੀ ਸਰਕਾਰ ਦੇ ਕੰਮਾਂ ਪਿੱਛੇ ਖੜ੍ਹੇ ਲੋਕ ਸਮਰਥਨ ਨੂੰ ਦਰਸਾਏਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.