IMG-LOGO
ਹੋਮ ਪੰਜਾਬ: ਪਟਿਆਲਾ-ਸੰਗਰੂਰ ਬਾਈਪਾਸ 'ਤੇ ਵੱਡਾ ਹਾਦਸਾ: ਭਾਖੜਾ ਨਹਿਰ ਦਾ ਲੋਹੇ ਦਾ...

ਪਟਿਆਲਾ-ਸੰਗਰੂਰ ਬਾਈਪਾਸ 'ਤੇ ਵੱਡਾ ਹਾਦਸਾ: ਭਾਖੜਾ ਨਹਿਰ ਦਾ ਲੋਹੇ ਦਾ ਪੁੱਲ ਧੱਸਿਆ, ਦੋ ਟਰਾਲੇ ਫਸੇ; ਇੱਕ ਨੂੰ ਲੱਗੀ ਭਿਆਨਕ ਅੱਗ

Admin User - Nov 19, 2026 10:04 AM
IMG

ਪਟਿਆਲਾ : ਚੰਡੀਗੜ੍ਹ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਪਿੰਡ ਪਾਸਿਆਣਾ ਨੇੜੇ ਵੀਰਵਾਰ ਸਵੇਰੇ ਕਰੀਬ 6 ਵਜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਭਾਖੜਾ ਨਹਿਰ 'ਤੇ ਬਣਿਆ ਲੋਹੇ ਦਾ ਪੁੱਲ ਅਚਾਨਕ ਜ਼ਮੀਨ ਵਿੱਚ ਧੱਸ ਗਿਆ। ਇਸ ਭਿਆਨਕ ਹਾਦਸੇ ਦੌਰਾਨ ਪੁੱਲ ਤੋਂ ਗੁਜ਼ਰ ਰਹੇ ਦੋ ਭਾਰੀ ਟਰਾਲੇ ਵਿਚਕਾਰ ਹੀ ਫਸ ਗਏ, ਜਿਨ੍ਹਾਂ ਵਿੱਚੋਂ ਇੱਕ ਨੂੰ ਅਚਾਨਕ ਅੱਗ ਲੱਗਣ ਕਾਰਨ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


ਹਾਦਸੇ ਸਮੇਂ ਮੌਕੇ 'ਤੇ ਮੌਜੂਦ ਇੱਕ ਟਰੱਕ ਡਰਾਈਵਰ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਜਦੋਂ ਉਹ ਪੁੱਲ ਪਾਰ ਕਰ ਰਹੇ ਸਨ ਤਾਂ ਅਚਾਨਕ ਇੱਕ ਜ਼ੋਰਦਾਰ ਧਮਾਕੇ ਵਾਂਗ ਆਵਾਜ਼ ਆਈ ਅਤੇ ਪੁੱਲ ਹੇਠਾਂ ਵੱਲ ਧੱਸਣਾ ਸ਼ੁਰੂ ਹੋ ਗਿਆ। ਡਰਾਈਵਰ ਮੁਤਾਬਕ ਪਲ ਭਰ ਵਿੱਚ ਸਭ ਕੁਝ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਹਾਦਸੇ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ, ਪਰ ਅਹਿਤਿਆਤ ਵਜੋਂ ਚਾਲਕਾਂ ਨੂੰ ਮੁੱਢਲੀ ਜਾਂਚ ਲਈ ਹਸਪਤਾਲ ਭੇਜਿਆ ਗਿਆ ਹੈ। ਟਰੱਕਾਂ ਵਿੱਚ ਸਵਾਰ ਹੋਰ ਵਿਅਕਤੀਆਂ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


ਨੈਸ਼ਨਲ ਹਾਈਵੇ ਦੇ ਨਿਰਮਾਣ ਦੌਰਾਨ ਸਾਲ 2016 ਵਿੱਚ ਤਿਆਰ ਕੀਤੇ ਗਏ ਇਸ ਪੁੱਲ ਦੇ ਅਚਾਨਕ ਟੁੱਟਣ ਨਾਲ ਨਿਰਮਾਣ ਕਾਰਜਾਂ ਦੀ ਗੁਣਵੱਤਾ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਸਥਾਨਕ ਲੋਕਾਂ ਮੁਤਾਬਕ ਕੁਝ ਸਮਾਂ ਪਹਿਲਾਂ ਹੀ ਇਸ ਪੁੱਲ ਦੀ ਮੁਰੰਮਤ ਕਰਵਾਈ ਗਈ ਸੀ, ਜਿਸ ਦੇ ਬਾਵਜੂਦ ਇਹ ਭਾਰ ਨਹੀਂ ਝੱਲ ਸਕਿਆ।


ਪੁੱਲ ਦੇ ਧੱਸਣ ਕਾਰਨ ਭਾਖੜਾ ਨਹਿਰ ਦਾ ਪਾਣੀ ਵੀ ਕਿਨਾਰਿਆਂ ਤੋਂ ਉੱਪਰ ਵਹਿਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਚਿੰਤਾ ਪਾਈ ਜਾ ਰਹੀ ਹੈ। ਚੰਡੀਗੜ੍ਹ ਅਤੇ ਬਠਿੰਡਾ ਨੂੰ ਜੋੜਨ ਵਾਲਾ ਇਹ ਮੁੱਖ ਰਸਤਾ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁੱਲ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਬਦਲਵੇਂ ਰੂਟਾਂ ਵੱਲ ਮੋੜ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.