ਤਾਜਾ ਖਬਰਾਂ
ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਦੀਵਾਲੀ ਬੰਪਰ ਲਾਟਰੀ ਰਾਹੀਂ ਕਿਸਮਤ ਚਮਕ ਗਈ ਹੈ। ਨੌਜਵਾਨ ਰਾਜੂ ਨੇ 12 ਕਰੋੜ ਰੁਪਏ ਦੇ ਦੀਵਾਲੀ ਬੰਪਰ ਵਿੱਚ 10 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਨਾਮ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਦੋਵੇਂ ਭਰਾਵਾਂ ਨੇ ਢੋਲ ਦੀ ਤਾਲ ’ਤੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਇੰਸਟਾਗ੍ਰਾਮ ਇਨਫਲੂਐਂਸਰ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੇ ਦੱਸਿਆ ਕਿ ਉਸ ਦੇ ਭਰਾ ਰਾਜੂ ਨੇ ਫਾਜ਼ਿਲਕਾ ਦੇ ਮਹਿਰੀਆ ਬਾਜ਼ਾਰ ਸਥਿਤ ਰੂਪਚੰਦ ਲਾਟਰੀ ਸਟਾਲ ਤੋਂ ਦੀਵਾਲੀ ਬੰਪਰ ਦੀ ਟਿਕਟ ਖਰੀਦੀ ਸੀ। ਇਸ ਲਾਟਰੀ ਦੀ ਕੁੱਲ ਇਨਾਮੀ ਰਾਸ਼ੀ 12 ਕਰੋੜ ਰੁਪਏ ਸੀ। ਅੱਜ ਸਵੇਰੇ ਜਦੋਂ ਉਨ੍ਹਾਂ ਨੂੰ ਟਿਕਟ ’ਤੇ 10 ਲੱਖ ਰੁਪਏ ਦਾ ਇਨਾਮ ਨਿਕਲਣ ਦੀ ਜਾਣਕਾਰੀ ਮਿਲੀ ਤਾਂ ਦੋਵੇਂ ਭਰਾ ਤੁਰੰਤ ਲਾਟਰੀ ਦੀ ਦੁਕਾਨ ’ਤੇ ਪਹੁੰਚ ਗਏ।
ਇਸ ਖੁਸ਼ੀ ਦੇ ਮੌਕੇ ’ਤੇ ਦੋਵਾਂ ਭਰਾਵਾਂ ਨੇ ਗਲਾਂ ਵਿੱਚ ਨੋਟਾਂ ਦੇ ਹਾਰ ਪਾਏ ਅਤੇ ਢੋਲ ਦੀਆਂ ਧੁਨਾਂ ’ਤੇ ਨੱਚਦੇ ਹੋਏ ਜਸ਼ਨ ਮਨਾਇਆ। ਉਨ੍ਹਾਂ ਦੀ ਖੁਸ਼ੀ ਦੇਖਣ ਲਈ ਦੁਕਾਨ ਦੇ ਬਾਹਰ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ।
ਰਾਜੂ ਆਪਣੇ ਪਿੰਡ ਵਿੱਚ ਆਨਲਾਈਨ ਕੈਫੇ ਚਲਾਉਂਦਾ ਹੈ ਅਤੇ ਆਪਣੇ ਭਰਾ ਸੁਖਵਿੰਦਰ ਸਿੰਘ ਨਾਲ ਮਿਲ ਕੇ ਵੀਲੌਗ ਵੀ ਬਣਾਉਂਦਾ ਹੈ। ਰਾਜੂ ਨੇ ਦੱਸਿਆ ਕਿ 10 ਲੱਖ ਰੁਪਏ ਦਾ ਇਨਾਮ ਮਿਲਣ ਨਾਲ ਉਸ ਦਾ ਪੂਰਾ ਪਰਿਵਾਰ ਬੇਹੱਦ ਖੁਸ਼ ਹੈ। ਉਸ ਨੇ ਕਿਹਾ ਕਿ ਜਿੱਤੀ ਹੋਈ ਰਕਮ ਘਰ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਖਰਚ ਕੀਤੀ ਜਾਵੇਗੀ।
ਰੂਪਚੰਦ ਲਾਟਰੀ ਦੇ ਸੰਚਾਲਕ ਬੌਬੀ ਨੇ ਵੀ ਇਸ ਜਿੱਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਜੂ ਨੇ ਉਨ੍ਹਾਂ ਦੀ ਦੁਕਾਨ ਤੋਂ 871024 ਨੰਬਰ ਵਾਲੀ ਟਿਕਟ ਖਰੀਦੀ ਸੀ, ਜਿਸ ਨੇ ਦੀਵਾਲੀ ਬੰਪਰ ਵਿੱਚ ਚੌਥਾ ਇਨਾਮ ਆਪਣੇ ਨਾਮ ਕੀਤਾ ਹੈ। ਇਸ ਇਨਾਮ ਤਹਿਤ ਰਾਜੂ ਨੂੰ 10 ਲੱਖ ਰੁਪਏ ਮਿਲਣਗੇ। ਇਨਾਮ ਦੀ ਖ਼ਬਰ ਮਿਲਣ ਤੋਂ ਬਾਅਦ ਦੋਵੇਂ ਭਰਾਵਾਂ ਨੇ ਦੁਕਾਨ ’ਤੇ ਪਹੁੰਚ ਕੇ ਢੋਲ ਵਜਾ ਕੇ ਖੁਸ਼ੀ ਮਨਾਈ।
Get all latest content delivered to your email a few times a month.