IMG-LOGO
ਹੋਮ ਰਾਸ਼ਟਰੀ, ਮਨੋਰੰਜਨ, ਅਮਿਤਾਭ ਬੱਚਨ ਦੇ ਬੰਗਲੇ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ; ਦਿੱਲੀ...

ਅਮਿਤਾਭ ਬੱਚਨ ਦੇ ਬੰਗਲੇ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ; ਦਿੱਲੀ ਪੁਲਿਸ ਵੱਲੋਂ ਪੰਜਾਬ ਦੇ ਦੋ ਸ਼ਾਰਪਸ਼ੂਟਰ ਗ੍ਰਿਫ਼ਤਾਰ

Admin User - Nov 15, 2026 01:58 PM
IMG

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਦਿੱਲੀ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਅਜਿਹੇ ਦੋ ਸ਼ਾਰਪਸ਼ੂਟਰਾਂ ਨੂੰ ਕਾਬੂ ਕੀਤਾ ਹੈ, ਜੋ ਵਿਦੇਸ਼ ਬੈਠੇ ਇੱਕ ਗੈਂਗਸਟਰ ਦੇ ਇਸ਼ਾਰੇ 'ਤੇ ਅਮਿਤਾਭ ਬੱਚਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਫ਼ਿਰਾਕ ਵਿੱਚ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਲੰਧਰ ਦੇ ਨਿਊ ਗਾਂਧੀ ਨਗਰ ਵਾਸੀ ਵਿਕਾਸ ਠਾਕੁਰ ਅਤੇ ਤਰਨਤਾਰਨ ਦੇ ਰਹਿਣ ਵਾਲੇ ਦੀਪਕ ਸਿੰਘ ਵਜੋਂ ਹੋਈ ਹੈ। ਪੁਲਿਸ ਦੀ ਇਸ ਕਾਰਵਾਈ ਨਾਲ ਜਿੱਥੇ ਮੁੰਬਈ ਵਿੱਚ ਇੱਕ ਵੱਡੀ ਵਾਰਦਾਤ ਟਲ ਗਈ ਹੈ, ਉੱਥੇ ਹੀ ਦਿੱਲੀ ਦੇ ਇੱਕ ਕਾਰੋਬਾਰੀ ਦੀ ਜਾਨ ਵੀ ਬਚ ਗਈ ਹੈ।


ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਨਾਰਾ ਚੈਤਨਿਆ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਾਸ ਠਾਕੁਰ ਨੂੰ ਖ਼ਾਸ ਤੌਰ 'ਤੇ ਮੁੰਬਈ ਤੋਂ ਦਿੱਲੀ ਭੇਜਿਆ ਗਿਆ ਸੀ, ਜਿੱਥੇ ਉਸ ਨੇ ਫਿਰੌਤੀ ਵਸੂਲਣ ਲਈ ਇੱਕ ਕਾਰੋਬਾਰੀ 'ਤੇ ਗੋਲੀਆਂ ਚਲਾਉਣੀਆਂ ਸਨ। ਇਸ ਵਾਰਦਾਤ ਵਿੱਚ ਦੀਪਕ ਸਿੰਘ ਨੇ ਵੀ ਉਸ ਦਾ ਸਾਥ ਦੇਣਾ ਸੀ, ਪਰ ਪੁਲਿਸ ਨੇ ਹਮਲੇ ਤੋਂ ਪਹਿਲਾਂ ਹੀ ਵਿਕਾਸ ਨੂੰ ਦਬੋਚ ਲਿਆ। ਉਸ ਦੀ ਨਿਸ਼ਾਨਦੇਹੀ 'ਤੇ ਮੁੰਬਈ ਵਿੱਚ ਛਾਪੇਮਾਰੀ ਕਰਕੇ ਦੀਪਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਦੀਪਕ ਨੂੰ ਲੰਬੇ ਸਮੇਂ ਤੋਂ ਮੁੰਬਈ ਵਿੱਚ ਠਹਿਰਾਇਆ ਗਿਆ ਸੀ ਤਾਂ ਜੋ ਉਹ ਰੇਕੀ ਕਰਕੇ ਅਮਿਤਾਭ ਬੱਚਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਕਰ ਸਕੇ।


ਪੁਲਿਸ ਰਿਕਾਰਡ ਅਨੁਸਾਰ ਕਾਬੂ ਕੀਤਾ ਗਿਆ ਮੁਲਜ਼ਮ ਦੀਪਕ ਸਿੰਘ ਕੋਈ ਆਮ ਅਪਰਾਧੀ ਨਹੀਂ ਹੈ। ਉਹ ਬੀਤੀ 3 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਹੋਏ ਇੰਸਟਾਗ੍ਰਾਮ ਇਨਫਲੂਐਂਸਰ 'ਮੈਡ ਸੰਧੂ' ਦੇ ਕਤਲ ਮਾਮਲੇ ਵਿੱਚ ਵੀ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ। ਇਸ ਕਤਲ ਕਾਂਡ ਵਿੱਚ ਸ਼ਾਮਲ ਉਸ ਦੇ ਇੱਕ ਹੋਰ ਸਾਥੀ ਪਲਵਿੰਦਰ ਸਿੰਘ ਉਰਫ਼ ਕਾਕਾ ਨੂੰ ਪੰਜਾਬ ਪੁਲਿਸ ਪਹਿਲਾਂ ਹੀ ਸਲਾਖਾਂ ਪਿੱਛੇ ਭੇਜ ਚੁੱਕੀ ਹੈ।


ਪੁਲਿਸ ਸੂਤਰਾਂ ਮੁਤਾਬਕ ਵਿਦੇਸ਼ੀ ਗੈਂਗਸਟਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਅਮਿਤਾਭ ਬੱਚਨ ਵੱਲੋਂ ਦਿੱਤੇ ਗਏ ਇੱਕ ਕਥਿਤ ਬਿਆਨ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕੁਝ ਜਥੇਬੰਦੀਆਂ ਅਤੇ ਗਵਾਹ ਜਗਦੀਸ਼ ਕੌਰ ਨੇ ਦੋਸ਼ ਲਾਇਆ ਸੀ ਕਿ ਬੱਚਨ ਨੇ ਏਮਜ਼ (AIIMS) ਹਸਪਤਾਲ ਦੇ ਬਾਹਰ ਦੂਰਦਰਸ਼ਨ ਦੇ ਲਾਈਵ ਪ੍ਰਸਾਰਣ ਦੌਰਾਨ ਭੜਕਾਊ ਨਾਅਰੇ ਲਗਾਏ ਸਨ। ਹਾਲਾਂਕਿ, ਅੱਜ ਤੱਕ ਇਸ ਦੀ ਕੋਈ ਅਧਿਕਾਰਤ ਵੀਡੀਓ ਸਾਹਮਣੇ ਨਹੀਂ ਆਈ। ਸਾਲ 2014 ਵਿੱਚ 'ਸਿੱਖਸ ਫਾਰ ਜਸਟਿਸ' ਵੱਲੋਂ ਅਮਰੀਕੀ ਅਦਾਲਤ ਵਿੱਚ ਦਾਇਰ ਮੁਕੱਦਮੇ ਦੌਰਾਨ ਵੀ ਅਮਿਤਾਭ ਬੱਚਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਅਤੇ ਭਾਰਤੀ ਜਾਂਚ ਏਜੰਸੀਆਂ ਵੱਲੋਂ ਵੀ ਉਨ੍ਹਾਂ ਨੂੰ ਕਦੇ ਦੋਸ਼ੀ ਨਹੀਂ ਠਹਿਰਾਇਆ ਗਿਆ।


ਅਮਿਤਾਭ ਬੱਚਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਪਿਛਲੇ ਦਿਨੀਂ ਮਿਲੀਆਂ ਧਮਕੀਆਂ 'ਤੇ ਨਜ਼ਰ ਮਾਰੀ ਜਾਵੇ। ਲੰਘੀ 6 ਨਵੰਬਰ ਨੂੰ ਉਨ੍ਹਾਂ ਦੇ ਬੰਗਲੇ 'ਜਲਸਾ' ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਸੀ। ਇਸ ਤੋਂ ਪਹਿਲਾਂ 23 ਅਕਤੂਬਰ ਨੂੰ ਮੁੰਬਈ ਦੀ ਮੇਅਰ ਰਿਤੂ ਤਾਵੜੇ ਨੂੰ ਵੀ ਅਜਿਹੀ ਹੀ ਇੱਕ ਈਮੇਲ ਭੇਜੀ ਗਈ ਸੀ, ਜਿਸ ਵਿੱਚ ਬੱਚਨ ਦੇ ਨਿਵਾਸ ਸਥਾਨ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਗਈ ਸੀ। ਫਿਲਹਾਲ ਸੁਰੱਖਿਆ ਏਜੰਸੀਆਂ ਇਸ ਪੂਰੇ ਨੈੱਟਵਰਕ ਦੀਆਂ ਤਾਰਾਂ ਜੋੜਨ ਵਿੱਚ ਜੁਟੀਆਂ ਹੋਈਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.