IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਮਾਨ ਦੀ ਪਾਕਿਸਤਾਨ ਫੇਰੀ 'ਤੇ ਵਿਦੇਸ਼ ਮੰਤਰਾਲੇ ਦਾ ਸਖ਼ਤ ਰੁਖ਼;...

ਮਾਨ ਦੀ ਪਾਕਿਸਤਾਨ ਫੇਰੀ 'ਤੇ ਵਿਦੇਸ਼ ਮੰਤਰਾਲੇ ਦਾ ਸਖ਼ਤ ਰੁਖ਼; ਚੰਡੀਗੜ੍ਹ 'ਚ ਅੱਜ ਨੌਜਵਾਨਾਂ ਲਈ 1 ਕਰੋੜ ਦੇ ਇਨਾਮ ਦਾ ਹੋਵੇਗਾ ਐਲਾਨ

Admin User - Nov 14, 2026 01:13 PM
IMG

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸਤਾਵਿਤ ਪਾਕਿਸਤਾਨ ਫੇਰੀ ਨੂੰ ਲੈ ਕੇ ਪੈਦਾ ਹੋਈਆਂ ਸਿਆਸੀ ਕਿਆਸਅਰਾਈਆਂ ਦਰਮਿਆਨ ਕੇਂਦਰ ਸਰਕਾਰ ਨੇ ਸਖ਼ਤ ਸੰਕੇਤ ਦਿੱਤੇ ਹਨ। ਵਿਦੇਸ਼ ਮੰਤਰਾਲੇ (MEA) ਨੇ ਸਪੱਸ਼ਟ ਕੀਤਾ ਹੈ ਕਿ ਗੁਆਂਢੀ ਮੁਲਕ ਨਾਲ ਭਾਰਤ ਦੇ ਕੂਟਨੀਤਕ ਸਬੰਧਾਂ ਦੀ ਦਿਸ਼ਾ ਪਹਿਲਾਂ ਹੀ ਤੈਅ ਹੈ ਅਤੇ ਕਿਸੇ ਵੀ ਆਗੂ ਦੀ ਵਿਦੇਸ਼ ਯਾਤਰਾ ਨੂੰ ਹਰੀ ਝੰਡੀ ਦੇਣ ਵੇਲੇ ਰਾਸ਼ਟਰੀ ਨੀਤੀ ਨੂੰ ਹੀ ਸਰਬਉੱਚ ਰੱਖਿਆ ਜਾਂਦਾ ਹੈ।


ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਮਾਨ ਦੇ ਦੌਰੇ ਸਬੰਧੀ ਪੁੱਛੇ ਸਵਾਲਾਂ 'ਤੇ ਦੋ-ਟੁੱਕ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਵਿਦੇਸ਼ੀ ਦੌਰਿਆਂ ਲਈ ਸਿਆਸੀ ਮਨਜ਼ੂਰੀ (Political Clearance) ਦੇਣ ਦੀ ਇੱਕ ਨਿਰਧਾਰਤ ਪ੍ਰਕਿਰਿਆ ਹੈ, ਜਿਸ ਤਹਿਤ ਹਰ ਪਹਿਲੂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾਂਦੀ ਹੈ। ਜਾਇਸਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਪ੍ਰਤੀ ਭਾਰਤ ਦੀ ਸਖ਼ਤ ਨੀਤੀ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਮੰਤਰਾਲਾ ਉਮੀਦ ਕਰਦਾ ਹੈ ਕਿ ਦੇਸ਼ ਦੇ ਸਾਰੇ ਅਹਿਮ ਅਹੁਦੇਦਾਰ ਇਸ ਰਾਸ਼ਟਰੀ ਨੀਤੀ ਦਾ ਪਾਲਣ ਕਰਨਗੇ।


ਜ਼ਿਕਰਯੋਗ ਹੈ ਕਿ ਲਾਹੌਰ ਵਿਖੇ 27 ਤੋਂ 29 ਨਵੰਬਰ ਤੱਕ ਚੌਥਾ ਅੰਤਰਰਾਸ਼ਟਰੀ ਵਿਸ਼ਵ ਪੰਜਾਬੀ ਸੰਮੇਲਨ ਹੋਣ ਜਾ ਰਿਹਾ ਹੈ, ਜਿਸ ਵਿੱਚ ਸ਼ਿਰਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਤੌਰ ਮੁੱਖ ਮਹਿਮਾਨ ਸੱਦਾ ਪੱਤਰ ਮਿਲਿਆ ਹੈ। ਪਿਛਲੇ ਮਹੀਨੇ ਵਿਧਾਨ ਸਭਾ ਸੈਸ਼ਨ ਦੌਰਾਨ ਇਸ ਸੱਦੇ ਦੀ ਪੁਸ਼ਟੀ ਕਰਦਿਆਂ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਦਫ਼ਤਰ ਕੇਂਦਰ ਤੋਂ ਰਸਮੀ ਮਨਜ਼ੂਰੀ ਲੈਣ ਦੀ ਕਾਰਵਾਈ ਕਰ ਰਿਹਾ ਹੈ, ਪਰ ਨਾਲ ਹੀ ਉਨ੍ਹਾਂ ਨੇ ਇਹ ਖਦਸ਼ਾ ਵੀ ਜ਼ਾਹਿਰ ਕੀਤਾ ਸੀ ਕਿ ਸ਼ਾਇਦ ਉਨ੍ਹਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਾ ਮਿਲੇ।


ਸਰਹੱਦ ਪਾਰ ਜਾਣ ਦੀ ਉਡੀਕ ਦੇ ਵਿਚਕਾਰ, ਮੁੱਖ ਮੰਤਰੀ ਭਗਵੰਤ ਮਾਨ ਅੱਜ (ਸ਼ਨੀਵਾਰ, 14 ਨਵੰਬਰ) ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੌਜਵਾਨ ਵੋਟਰਾਂ ਨੂੰ ਲੁਭਾਉਣ ਲਈ ਵੱਡੀ ਯੋਜਨਾ ਲੈ ਕੇ ਆ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ, ਅੱਜ ਸੀ.ਐੱਮ. ਮਾਨ ਸੂਬੇ ਦੇ ਨੌਜਵਾਨਾਂ ਲਈ 'ਪੰਜਾਬ ਦਾ ਕਰੋੜਪਤੀ' ਨਾਮਕ ਇੱਕ ਵਿਲੱਖਣ ਪ੍ਰਤੀਯੋਗਤਾ ਲਾਂਚ ਕਰਨਗੇ।


ਇਸ ਮੁਕਾਬਲੇ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ 15 ਤੋਂ 30 ਸਾਲ ਤੱਕ ਦੇ ਨੌਜਵਾਨ ਆਪਣੀ ਕਾਬਲੀਅਤ ਦਿਖਾ ਸਕਣਗੇ। 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਦੇ ਵਿਰਸੇ ਅਤੇ ਇਤਿਹਾਸ 'ਤੇ ਆਧਾਰਿਤ ਇਸ ਪ੍ਰਤੀਯੋਗਤਾ ਵਿੱਚ ਜੇਤੂ ਰਹਿਣ ਵਾਲੇ ਨੌਜਵਾਨ ਨੂੰ ਸੂਬਾ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਐਲਾਨ ਨੂੰ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੇ ਮਾਸਟਰਸਟ੍ਰੋਕ ਵਜੋਂ ਦੇਖਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.