ਤਾਜਾ ਖਬਰਾਂ
ਅਮਰੀਕੀ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੇ ਸਰਵਰਾਂ ਵਿੱਚ ਆਈ ਅਚਾਨਕ ਤਕਨੀਕੀ ਖਰਾਬੀ ਕਾਰਨ ਦੁਨੀਆ ਭਰ ਦੇ ਲੱਖਾਂ ਉਪਭੋਗਤਾਵਾਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਵੱਡੇ ਆਊਟੇਜ (ਸੇਵਾ ਬੰਦ ਹੋਣ) ਦੀ ਸਭ ਤੋਂ ਵੱਧ ਮਾਰ ਕੰਪਨੀ ਦੀ ਪ੍ਰਮੁੱਖ ਈਮੇਲ ਸੇਵਾ 'ਆਉਟਲੁੱਕ' 'ਤੇ ਪਈ, ਜਿਸ ਕਾਰਨ ਦਫਤਰੀ ਕੰਮਾਂ ਵਿੱਚ ਭਾਰੀ ਖੜੋਤ ਦੇਖਣ ਨੂੰ ਮਿਲੀ।
ਇੰਟਰਨੈੱਟ ਸੇਵਾਵਾਂ ਦੀ ਨਿਗਰਾਨੀ ਕਰਨ ਵਾਲੀ ਵੈੱਬਸਾਈਟ 'ਡਾਊਨਡਿਟੇਕਟਰ' ਦੇ ਅੰਕੜਿਆਂ ਮੁਤਾਬਕ, ਵੀਰਵਾਰ ਦੁਪਹਿਰ 1 ਵਜੇ ਤੋਂ ਤੁਰੰਤ ਬਾਅਦ ਸ਼ਿਕਾਇਤਾਂ ਦਾ ਹੜ੍ਹ ਆ ਗਿਆ। ਇਕੱਲੇ ਆਉਟਲੁੱਕ ਨੂੰ ਲੈ ਕੇ ਕਰੀਬ 1,30,000 ਉਪਭੋਗਤਾਵਾਂ ਨੇ ਤਕਨੀਕੀ ਦਿੱਕਤਾਂ ਦੀ ਰਿਪੋਰਟ ਕੀਤੀ। ਹਾਲਾਂਕਿ ਸਮੇਂ ਦੇ ਨਾਲ ਨਵੀਆਂ ਸ਼ਿਕਾਇਤਾਂ ਦੀ ਰਫ਼ਤਾਰ ਕੁਝ ਮੱਠੀ ਪਈ, ਪਰ ਉਪਭੋਗਤਾਵਾਂ ਦੀਆਂ ਮੁਸ਼ਕਲਾਂ ਬਰਕਰਾਰ ਰਹੀਆਂ। ਜਿੱਥੇ ਆਉਟਲੁੱਕ 'ਤੇ ਲੋਕ ਨਾ ਤਾਂ ਈਮੇਲ ਭੇਜ ਪਾ ਰਹੇ ਸਨ ਅਤੇ ਨਾ ਹੀ ਇਨਬਾਕਸ ਖੋਲ੍ਹ ਪਾ ਰਹੇ ਸਨ, ਉੱਥੇ ਹੀ 'ਮਾਈਕ੍ਰੋਸਾਫਟ ਟੀਮਜ਼', 'ਕੋਪਾਇਲਟ' (AI ਅਸਿਸਟੈਂਟ) ਅਤੇ 'ਮਾਈਕ੍ਰੋਸਾਫਟ 365' ਦੀਆਂ ਹੋਰ ਸੇਵਾਵਾਂ ਵੀ ਠੱਪ ਰਹੀਆਂ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਈਕ੍ਰੋਸਾਫਟ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਕਿ ਅਮਰੀਕਾ ਸਮੇਤ ਕਈ ਹਿੱਸਿਆਂ ਵਿੱਚ ਉਪਭੋਗਤਾਵਾਂ ਨੂੰ ਐਕਸਚੇਂਜ ਔਨਲਾਈਨ ਖਾਤਿਆਂ ਤੱਕ ਪਹੁੰਚਣ ਵਿੱਚ ਦਿੱਕਤ ਆ ਰਹੀ ਹੈ। ਕੰਪਨੀ ਦੀ ਅੰਦਰੂਨੀ ਜਾਂਚ ਵਿੱਚ ਸਾਹਮਣੇ ਆਇਆ ਕਿ ਇੱਕ 'ਆਟੋਮੇਟਿਡ ਸਕੈਨ' ਦੌਰਾਨ ਆਈ ਤਕਨੀਕੀ ਗੜਬੜੀ ਕਾਰਨ ਕੁਝ ਸਰਵਰਾਂ ਨੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਕਾਰਨ ਬਾਕੀ ਸਰਵਰਾਂ 'ਤੇ ਲੋੜੋਂ ਵੱਧ ਦਬਾਅ ਪੈ ਗਿਆ ਅਤੇ ਪੂਰਾ ਨੈੱਟਵਰਕ ਪ੍ਰਭਾਵਿਤ ਹੋਇਆ।
ਸ਼ੁਰੂਆਤੀ ਦੌਰ ਵਿੱਚ ਖਰਾਬੀ ਦੇ ਅਸਲ ਕਾਰਨਾਂ ਤੋਂ ਪਰਦਾ ਨਾ ਚੁੱਕਣ ਵਾਲੀ ਕੰਪਨੀ ਨੇ ਬਾਅਦ ਵਿੱਚ ਦੱਸਿਆ ਕਿ ਇੰਜੀਨੀਅਰਾਂ ਦੀ ਟੀਮ ਪ੍ਰਭਾਵਿਤ ਬੁਨਿਆਦੀ ਢਾਂਚੇ ਨੂੰ ਮੁੜ ਚਾਲੂ ਕਰਨ ਲਈ ਇੱਕ ਵਿਸ਼ੇਸ਼ ਫਿਕਸ 'ਤੇ ਕੰਮ ਕਰ ਰਹੀ ਹੈ। 'ਮਾਈਕ੍ਰੋਸਾਫਟ 365 ਸਟੇਟਸ' ਨੇ ਆਪਣੇ ਅਧਿਕਾਰਤ 'X' ਹੈਂਡਲ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਵਰਾਂ ਦੀ ਉਪਲਬਧਤਾ ਨੂੰ ਮੁੜ ਬਹਾਲ ਕਰਨ ਦੇ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਸਿਸਟਮ ਦੀ ਸਥਿਰਤਾ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਕੰਪਨੀ ਨੇ ਉਪਭੋਗਤਾਵਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਸੁਧਾਰ ਪ੍ਰਕਿਰਿਆ ਨੂੰ ਪੜਾਅਵਾਰ ਤਰੀਕੇ ਨਾਲ ਵੱਡੇ ਪੱਧਰ 'ਤੇ ਲਾਗੂ ਕੀਤਾ ਜਾ ਰਿਹਾ ਹੈ, ਤਾਂ ਜੋ ਸਾਰੀਆਂ ਸੇਵਾਵਾਂ ਜਲਦ ਤੋਂ ਜਲਦ ਆਮ ਵਾਂਗ ਹੋ ਸਕਣ। ਇਸ ਤਕਨੀਕੀ ਖਰਾਬੀ ਨਾਲ ਸਬੰਧਤ ਵਧੇਰੇ ਵੇਰਵੇ ਆਈ.ਟੀ. ਪ੍ਰਸ਼ਾਸਕਾਂ ਲਈ 'ਮਾਈਕ੍ਰੋਸਾਫਟ 365 ਐਡਮਿਨ ਸੈਂਟਰ' (ਕੋਡ: EX1550543 ਅਤੇ MO1550821) 'ਤੇ ਉਪਲਬਧ ਕਰਵਾਏ ਗਏ ਹਨ।
Get all latest content delivered to your email a few times a month.