ਤਾਜਾ ਖਬਰਾਂ
ਚੰਡੀਗੜ੍ਹ 11 ਨਵੰਬਰ -
ਆਮ ਆਦਮੀ ਪਾਰਟੀ (ਆਪ) ਚਮਕੌਰ ਸਾਹਿਬ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਬੁੱਧਵਾਰ ਨੂੰ ਕਾਂਗਰਸ ਲੀਡਰਸ਼ਿਪ, ਰਾਹੁਲ ਗਾਂਧੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਰਿੰਦਰ ਢਿੱਲੋਂ ‘ਤੇ 27 ਅਕਤੂਬਰ ਨੂੰ ਚੰਡੀਗੜ੍ਹ ਦੇ ਕਾਂਗਰਸ ਭਵਨ ਵਿਖੇ ਦਲਿਤ ਆਗੂ ਰਣਜੀਤ ਸਿੰਘ ਤਰਖਣਮਾਜਰਾ ਨਾਲ ਹੋਏ ਹਮਲੇ ਦੇ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਕਾਰਨ ਤਿੱਖਾ ਹਮਲਾ ਬੋਲਿਆ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਚਮਕੌਰ ਸਾਹਿਬ ਤੋਂ ‘ਆਪ’ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਕਿਹਾ, “ਪੰਜਾਬ ਵਿੱਚ ਲਗਭਗ 35 ਫ਼ੀਸਦੀ ਐੱਸਸੀ ਆਬਾਦੀ ਹੈ, ਜੋ ਕਿ ਭਾਰਤ ਦੇ ਸੂਬਿਆਂ ਵਿੱਚੋਂ ਸਭ ਤੋਂ ਵੱਧ ਹੈ। ਫਿਰ ਵੀ, ਪਾਰਟੀ ਦੇ ਆਪਣੇ ਮੁੱਖ ਦਫ਼ਤਰ ਦੇ ਅੰਦਰ ਇੱਕ ਦਲਿਤ ਕਾਂਗਰਸੀ ਆਗੂ ‘ਤੇ ਹੋਇਆ ਹਮਲਾ 17 ਦਿਨਾਂ ਤੋਂ ਅਣਸੁਲਝਿਆ ਪਿਆ ਹੈ। ਰਣਜੀਤ ਸਿੰਘ ‘ਤੇ ਸੈਕਟਰ 15, ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਹਮਲਾ ਕੀਤਾ ਗਿਆ ਸੀ, ਅਤੇ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਡੀਡੀਆਰ ਰਾਤ ਕਰੀਬ 11 ਵਜੇ ਦਰਜ ਕੀਤੀ ਗਈ। ਮਨਜੀਤ ਸ਼ਰਮਾ ਇਸ ਘਟਨਾ ਦੇ ਗਵਾਹ ਹਨ ਅਤੇ ਉਹ ਗਵਾਹੀ ਦੇ ਸਕਦੇ ਹਨ ਕਿ ਰਣਜੀਤ ਸਿੰਘ ਨਾਲ ਕੀ ਵਾਪਰਿਆ।”
ਉਨ੍ਹਾਂ ਅੱਗੇ ਕਿਹਾ, “ਜਦੋਂ ਇਹ ਮਾਮਲਾ ਸਾਹਮਣੇ ਆਇਆ, ਤਾਂ ਸ਼ੁਰੂ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਇੱਕ ਵੀ ਦਲਿਤ ਆਗੂ ਨੇ ਰਣਜੀਤ ਸਿੰਘ ਦਾ ਸਾਥ ਨਹੀਂ ਦਿੱਤਾ। ਇਹ ‘ਆਪ’ ਸੀ ਜਿਸਨੇ ਉਸ ਲਈ ਆਵਾਜ਼ ਉਠਾਈ। ‘ਆਪ’ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ। ਪਾਰਟੀ ਨੇ ਰਣਜੀਤ ਸਿੰਘ ਦਾ ਪੱਖ ਲੋਕਾਂ ਸਾਹਮਣੇ ਰੱਖਣ ਲਈ 30 ਅਕਤੂਬਰ ਨੂੰ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਜਦੋਂ ਭਾਜਪਾ ਦੇ ਕੰਟਰੋਲ ਹੇਠ ਚੱਲ ਰਹੀ ਚੰਡੀਗੜ੍ਹ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਤਾਂ ‘ਆਪ’ ਨੇ 3 ਨਵੰਬਰ ਨੂੰ ਇੱਕ ਹੋਰ ਪ੍ਰੈਸ ਕਾਨਫਰੰਸ ਕੀਤੀ ਅਤੇ 4 ਨਵੰਬਰ ਨੂੰ ਕਾਂਗਰਸ ਭਵਨ ਦਾ ਘਿਰਾਓ ਕਰਨ ਦਾ ਐਲਾਨ ਕੀਤਾ।”
ਕਾਂਗਰਸ ਪਾਰਟੀ ਦੇ ਰਵੱਈਏ ‘ਤੇ ਸਵਾਲ ਉਠਾਉਂਦਿਆਂ ਜਸਵੀਰ ਸਿੰਘ ਗੜ੍ਹੀ ਨੇ ਕਿਹਾ, “3 ਨਵੰਬਰ ਦੀ ਸ਼ਾਮ ਨੂੰ ਕਾਂਗਰਸ ਨੇ ਬਰਿੰਦਰ ਢਿੱਲੋਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 3 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ। ਇਹ ਕਿਵੇਂ ਹੋ ਸਕਦਾ ਹੈ ਕਿ ਬਰਿੰਦਰ ਢਿੱਲੋਂ, ਜੋ ਇਸ ਘਟਨਾ ਨੂੰ ਲੈ ਕੇ ਨੋਟਿਸ ਦਾ ਸਾਹਮਣਾ ਕਰ ਰਿਹਾ ਸੀ, ਬਾਅਦ ਵਿੱਚ ਰਾਹੁਲ ਗਾਂਧੀ ਨਾਲ ‘ਵੀਵੀਆਈਪੀ’ ਸਟੇਜ ਸਾਂਝੀ ਕਰਦਾ ਨਜ਼ਰ ਆਇਆ? ਜੇ ਰਾਹੁਲ ਗਾਂਧੀ ਸੰਵਿਧਾਨ ਨੂੰ ਆਪਣੀ ਸਭ ਤੋਂ ਵੱਡੀ ਪ੍ਰਤੀਬੱਧਤਾ ਮੰਨਦੇ ਹਨ ਅਤੇ ਇਸਦੀ ਕਾਪੀ ਨਾਲ ਲੈ ਕੇ ਘੁੰਮਦੇ ਹਨ, ਤਾਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਦਲਿਤ ਕਾਰਕੁਨ ‘ਤੇ ਹਮਲੇ ਦੇ ਮਾਮਲੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਆਏ ਵਿਅਕਤੀ ਨੂੰ ਆਪਣੀ ਸਟੇਜ ਸਾਂਝੀ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਗਈ? ਕੀ ਸੰਵਿਧਾਨ ਸਿਰਫ਼ ਸਿਆਸੀ ਭਾਸ਼ਣਾਂ ਅਤੇ ਫੋਟੋਆਂ ਲਈ ਹੈ, ਜਾਂ ਇਹ ਕਾਂਗਰਸ ਭਵਨ ਦੇ ਅੰਦਰ ਵੀ ਲਾਗੂ ਹੁੰਦਾ ਹੈ?”
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ, “ਸਾਬਕਾ ਮੁੱਖ ਮੰਤਰੀ, ਜੋ ਆਪਣੇ ਆਪ ਨੂੰ ਦਲਿਤ ਭਾਈਚਾਰੇ ਦੇ ਆਗੂ ਵਜੋਂ ਪੇਸ਼ ਕਰਦੇ ਹਨ, ਸੰਗਰੂਰ ਰੈਲੀ ਦੌਰਾਨ ਬਰਿੰਦਰ ਢਿੱਲੋਂ ਦੇ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਦੀ ਕਾਰ ਵਿੱਚ ਸਫ਼ਰ ਕੀਤਾ। ਚਰਨਜੀਤ ਸਿੰਘ ਚੰਨੀ ਦੇ ਇਸ ਰਵੱਈਏ ਨੇ ਦਲਿਤਾਂ ਦੀ ਨੁਮਾਇੰਦਗੀ ਕਰਨ ਦੇ ਉਨ੍ਹਾਂ ਦੇ ਦਾਅਵਿਆਂ ਅਤੇ ਅਸਲ ਲੋੜ ਪੈਣ ‘ਤੇ ਕਿਸੇ ਦਲਿਤ ਆਗੂ ਦਾ ਸਾਥ ਦੇਣ ਦੇ ਉਨ੍ਹਾਂ ਦੇ ਅਮਲ ਵਿਚਕਾਰਲੇ ਫ਼ਰਕ ਨੂੰ ਬੇਨਕਾਬ ਕਰ ਦਿੱਤਾ ਹੈ। ਇੱਕ ਦਲਿਤ ਆਗੂ ‘ਤੇ ਹਮਲਾ ਹੋਇਆ, ਫਿਰ ਵੀ ਚਰਨਜੀਤ ਸਿੰਘ ਚੰਨੀ ਚੁੱਪ ਰਹੇ। ਰਣਜੀਤ ਸਿੰਘ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਿਹਾ ਹੈ, ਪਰ ਚਰਨਜੀਤ ਸਿੰਘ ਚੰਨੀ ਕੋਲ ਕਹਿਣ ਲਈ ਕੁਝ ਨਹੀਂ ਹੈ। ਇਹ ਕਾਂਗਰਸ ਦੀ ਦਲਿਤ ਰਾਜਨੀਤੀ ਦੀ ਅਸਲੀਅਤ ਹੈ।”
ਨੂਰਪੁਰ ਬੇਦੀ ਦੀ ਘਟਨਾ ਦਾ ਹਵਾਲਾ ਦਿੰਦਿਆਂ ‘ਆਪ’ ਆਗੂ ਨੇ ਕਿਹਾ, “ਕਾਂਗਰਸੀ ਆਗੂ ਨੂਰਪੁਰ ਬੇਦੀ ਵਿੱਚ ਸਾਈਕਲ ਰੈਲੀ ਦੀ ਤਿਆਰੀ ਕਰ ਰਹੇ ਸਨ ਜਦੋਂ ਦਲਿਤ ਭਾਈਚਾਰੇ ਦੇ ਲੋਕ ਉੱਥੇ ਇਕੱਠੇ ਹੋਏ ਅਤੇ ਬਰਿੰਦਰ ਢਿੱਲੋਂ ਤੇ ਕਾਂਗਰਸ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੂੰ ਇਸ ਘਟਨਾ ਦੀ ਵੀਡੀਓ ਦੇਖਣੀ ਚਾਹੀਦੀ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਕਿਵੇਂ ਢਿੱਲੋਂ ਦੇ ਸਮਰਥਕ ਦਲਿਤ ਭਾਈਚਾਰੇ ਦੇ ਲੋਕਾਂ ਵੱਲ ਇਸ਼ਾਰੇ ਕਰ ਰਹੇ ਸਨ।”
ਰੇਤ ਮਾਈਨਿੰਗ ਅਤੇ ਚਰਨਜੀਤ ਸਿੰਘ ਚੰਨੀ ਦੇ ਵਿੱਤੀ ਮਾਮਲਿਆਂ ਨਾਲ ਕਾਂਗਰਸੀ ਆਗੂ ਦੇ ਸਬੰਧਾਂ ਬਾਰੇ ਸਵਾਲ ਉਠਾਉਂਦਿਆਂ ਜਸਵੀਰ ਸਿੰਘ ਗੜ੍ਹੀ ਨੇ ਕਿਹਾ, “ਬਰਿੰਦਰ ਢਿੱਲੋਂ ਸਿਰਫ਼ 33 ਸਾਲ ਦੀ ਉਮਰ ਵਿੱਚ ਰੇਤ ਮਾਈਨਿੰਗ ਮਾਫ਼ੀਆ ਬਣ ਚੁੱਕੇ ਹਨ। ਉਹ ਰੇਤ ਮਾਈਨਿੰਗ ਦੇ ਕਾਰੋਬਾਰ ਵਿੱਚ ਸ਼ਾਮਲ ਹਨ, ਅਤੇ ਇਸ ਕਾਰੋਬਾਰ ਤੋਂ ਪੈਸਾ ਚਰਨਜੀਤ ਚੰਨੀ ਤੱਕ ਪਹੁੰਚ ਰਿਹਾ ਹੈ। ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ‘ਤੇ ਲਗਭਗ 2,000 ਸਾਈਕਲ ਵੀ ਪਏ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਲਗਭਗ ₹1 ਕਰੋੜ ਹੈ। ਉਹ ਵਾਰ-ਵਾਰ ਗ਼ਰੀਬ ਘਰ ਵਿੱਚ ਪੈਦਾ ਹੋਣ ਦੀ ਗੱਲ ਕਰਦੇ ਹਨ, ਪਰ ਜਨਤਾ ਇਹ ਜਾਣਨ ਦੀ ਹੱਕਦਾਰ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਕੋਲ ਆਪਣੇ ਘਰ ਵਿੱਚ ਲਗਭਗ ₹1 ਕਰੋੜ ਦੇ ਸਾਈਕਲ ਕਿਵੇਂ ਆ ਗਏ? ਇਨ੍ਹਾਂ ਨੂੰ ਖਰੀਦਣ ਲਈ ਕਿਸ ਦਾ ਪੈਸਾ ਵਰਤਿਆ ਗਿਆ? ਇਨ੍ਹਾਂ ਫੰਡਾਂ ਦਾ ਸਰੋਤ ਕੀ ਹੈ? ਸਾਬਕਾ ਮੁੱਖ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।”
ਸੰਵਿਧਾਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ, “ਰਣਜੀਤ ਸਿੰਘ ਨਾਲ ਕੀਤਾ ਗਿਆ ਸਲੂਕ ਸੰਵਿਧਾਨ ਦੀਆਂ ਧਾਰਾਵਾਂ 14, 15 ਅਤੇ 17 ਦੇ ਅਮਲ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਧਾਰਾ 14 ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਗਾਰੰਟੀ ਦਿੰਦੀ ਹੈ, ਧਾਰਾ 15 ਜਾਤੀ ਸਮੇਤ ਵੱਖ-ਵੱਖ ਆਧਾਰਾਂ ‘ਤੇ ਭੇਦਭਾਵ ਦੀ ਮਨਾਹੀ ਕਰਦੀ ਹੈ, ਅਤੇ ਧਾਰਾ 17 ਛੂਤ-ਛਾਤ ਨੂੰ ਖ਼ਤਮ ਕਰਦੀ ਹੈ। ਜੇਕਰ ਹਰ ਕੋਈ ਕਾਨੂੰਨ ਦੇ ਸਾਹਮਣੇ ਬਰਾਬਰ ਹੈ, ਤਾਂ ਰਣਜੀਤ ਸਿੰਘ ਨੂੰ ਬਰਾਬਰ ਦਾ ਸਲੂਕ ਕਿਉਂ ਨਹੀਂ ਦਿੱਤਾ ਗਿਆ? ਜੇਕਰ ਜਾਤੀ ਆਧਾਰਿਤ ਭੇਦਭਾਵ ਦੀ ਮਨਾਹੀ ਹੈ, ਤਾਂ ਕਾਂਗਰਸ ਭਵਨ ਦੇ ਅੰਦਰ ਇੱਕ ਦਲਿਤ ਕਾਰਕੁਨ ਨਾਲ ਅਜਿਹਾ ਸਲੂਕ ਕਿਉਂ ਕੀਤਾ ਗਿਆ? ਭਾਜਪਾ ਕੰਟਰੋਲ ਵਾਲੀ ਪੁਲਿਸ ਜਵਾਬਦੇਹੀ ਯਕੀਨੀ ਬਣਾਉਣ ਵਿੱਚ ਕਿਉਂ ਅਸਫ਼ਲ ਰਹੀ ਹੈ?”
ਭਾਜਪਾ ਦੀ ਅਗਵਾਈ ਵਾਲੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਕਾਂਗਰਸ ਲੀਡਰਸ਼ਿਪ ਦੋਵਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦਿਆਂ ਉਨ੍ਹਾਂ ਕਿਹਾ, “ਭਾਜਪਾ ਲਗਾਤਾਰ ਕਾਂਗਰਸ-ਮੁਕਤ ਭਾਰਤ ਦੀ ਗੱਲ ਕਰਦੀ ਹੈ। ਇਸ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸਦਾ ਪ੍ਰਸ਼ਾਸਨ ਅਤੇ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਯਕੀਨੀ ਬਣਾਉਣ ਦੀ ਬਜਾਏ ਕਾਂਗਰਸੀ ਆਗੂਆਂ ਨੂੰ ਕਿਉਂ ਬਚਾ ਰਹੀ ਹੈ। ਚੰਡੀਗੜ੍ਹ ਪੁਲਿਸ ਦੀ ਕਾਰਵਾਈ ਕਰਨ ਵਿੱਚ ਅਸਫ਼ਲਤਾ ਵੀ ਸੰਵਿਧਾਨ ਦੀ ਭਾਵਨਾ ਦੀ ਉਲੰਘਣਾ ਹੈ, ਅਤੇ ਅਧਿਕਾਰੀਆਂ ਨੂੰ ਇਸ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।”
‘ਆਪ’ ਆਗੂ ਨੇ ਅੱਗੇ ਕਿਹਾ, “ਕਾਂਗਰਸ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਨੂੰ 11 ਦਿਨ ਬੀਤ ਚੁੱਕੇ ਹਨ, ਪਰ ਅਜੇ ਤੱਕ ਕੋਈ ਤਸੱਲੀਬਖ਼ਸ਼ ਨਤੀਜਾ ਸਾਹਮਣੇ ਨਹੀਂ ਆਇਆ। ਜਿੱਥੇ ਕਾਂਗਰਸੀ ਆਗੂਆਂ ਨੇ ਬਰਿੰਦਰ ਢਿੱਲੋਂ ਦੇ ਘਰ ਦੀਵਾਲੀ ਮਨਾਈ, ਉੱਥੇ ‘ਆਪ’ ਆਗੂ ਘਟਨਾ ਦੇ 12 ਦਿਨਾਂ ਬਾਅਦ ਰਣਜੀਤ ਸਿੰਘ ਦੇ ਘਰ ਗਏ ਅਤੇ ਉਨ੍ਹਾਂ ਨਾਲ ਇਕੱਜੁਤਾ ਵਿੱਚ ਦੀਵਾਲੀ ਦਾ ਦੀਵਾ ਜਗਾਇਆ। ਇਹ ਫ਼ਰਕ ਕਾਂਗਰਸ ਦੀਆਂ ਤਰਜੀਹਾਂ ਬਾਰੇ ਸਭ ਕੁਝ ਬਿਆਨ ਕਰਦਾ ਹੈ। ਇਸਦੇ ਆਗੂ ਹਮਲੇ ਦੇ ਸਵਾਲਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨਾਲ ਜਸ਼ਨ ਮਨਾ ਸਕਦੇ ਹਨ, ਪਰ ਜਿਸ ਦਲਿਤ ਕਾਰਕੁਨ ਨੇ ਬੇਇੱਜ਼ਤੀ ਝੱਲੀ ਹੈ, ਉਹ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਿਹਾ ਹੈ।”
ਸਾਬਕਾ ਕਾਂਗਰਸੀ ਮੁੱਖ ਮੰਤਰੀ ਦੀ ਚੁੱਪ ਦੇ ਹੋਰ ਮਾਮਲਿਆਂ ਨੂੰ ਯਾਦ ਕਰਦਿਆਂ ‘ਆਪ’ ਆਗੂ ਨੇ ਅੱਗੇ ਕਿਹਾ, “ਚਰਨਜੀਤ ਸਿੰਘ ਚੰਨੀ ਉਦੋਂ ਵੀ ਚੁੱਪ ਰਹੇ ਜਦੋਂ ਇੱਕ ਕਾਂਗਰਸੀ ਆਗੂ ਨੇ ਦਲਿਤ ਨੁਮਾਇੰਦਿਆਂ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕੀਤੀ ਸੀ। ਉਨ੍ਹਾਂ ਨੇ ਉਦੋਂ ਵੀ ਆਵਾਜ਼ ਕਿਉਂ ਨਹੀਂ ਚੁੱਕੀ? ਇਸੇ ਤਰ੍ਹਾਂ, ਜਦੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਧਮਕੀ ਭਰੀਆਂ ਗੱਲਾਂ ਕਹੀਆਂ ਗਈਆਂ, ਤਾਂ ਚੰਨੀ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ।”
ਜਸਵੀਰ ਸਿੰਘ ਗੜ੍ਹੀ ਨੇ ਇਹ ਕਹਿ ਕੇ ਆਪਣੀ ਗੱਲ ਖ਼ਤਮ ਕੀਤੀ, “ਰਾਹੁਲ ਗਾਂਧੀ ਜਨਤਕ ਤੌਰ ‘ਤੇ ਸੰਵਿਧਾਨ ਦਿਖਾਉਂਦੇ ਹਨ, ਪਰ ਕਾਂਗਰਸ ਆਪਣੇ ਹੀ ਮੁੱਖ ਦਫ਼ਤਰ ਦੇ ਅੰਦਰ ਇਸ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਵਿੱਚ ਅਸਫ਼ਲ ਰਹੀ ਹੈ। ਚਰਨਜੀਤ ਸਿੰਘ ਚੰਨੀ ਦਲਿਤਾਂ ਦੀ ਆਵਾਜ਼ ਹੋਣ ਦਾ ਦਾਅਵਾ ਕਰਦੇ ਹਨ ਪਰ ਜਦੋਂ ਕਿਸੇ ਦਲਿਤ ਕਾਰਕੁਨ ‘ਤੇ ਹਮਲਾ ਹੁੰਦਾ ਹੈ ਤਾਂ ਉਹ ਖੜ੍ਹੇ ਹੋਣ ਤੋਂ ਇਨਕਾਰ ਕਰ ਦਿੰਦੇ ਹਨ। ਢਿੱਲੋਂ ਨੂੰ ਆਪਣੇ ਵਿਵਹਾਰ ਦਾ ਜਵਾਬ ਦੇਣਾ ਚਾਹੀਦਾ ਹੈ, ਅਤੇ ਕਾਂਗਰਸ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਰਣਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਵਿੱਚ ਕਿਉਂ ਅਸਫ਼ਲ ਰਹੀ ਹੈ। ਭਾਜਪਾ ਦੀ ਅਗਵਾਈ ਵਾਲੀ ਚੰਡੀਗੜ੍ਹ ਪੁਲਿਸ ਨੂੰ ਵੀ ਹੱਥ 'ਤੇ ਹੱਥ ਧਰ ਕੇ ਬੈਠਣਾ ਬੰਦ ਕਰਨਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਦੇ ਲੋਕ ਸੰਵਿਧਾਨ ਅਤੇ ਦਲਿਤ ਭਾਈਚਾਰੇ ਦੇ ਅਧਿਕਾਰਾਂ ਪ੍ਰਤੀ ਇਸ ਚੋਣਵੇਂ ਰਵੱਈਏ ਨੂੰ ਸਵੀਕਾਰ ਨਹੀਂ ਕਰਨਗੇ। ਭਾਜਪਾ ਸਰਕਾਰ ਕਾਰਵਾਈ ਕਰੇ ਨਹੀਂ ਤਾਂ ਪੂਰਾ ਪੰਜਾਬ ਭਾਜਪਾ ਵਿਰੁੱਧ ਕਾਰਵਾਈ ਕਰੇਗਾ।”
Get all latest content delivered to your email a few times a month.