ਤਾਜਾ ਖਬਰਾਂ
ਸਮਰੀਨ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਅਰਸ਼ਦੀਪ ਉਨ੍ਹਾਂ ਨੂੰ ਮੰਗਣੀ ਦੀ ਅੰਗੂਠੀ ਪਹਿਨਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਇਸ ਖਾਸ ਮੌਕੇ ’ਤੇ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਸਮਰੀਨ ਨੇ ਆਪਣੀ ਪੋਸਟ ਦੇ ਨਾਲ ਭਾਵੁਕ ਸੰਦੇਸ਼ ਵੀ ਲਿਖਿਆ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵੱਲੋਂ ਮਿਲੀਆਂ ਸਭ ਤੋਂ ਖੂਬਸੂਰਤ ਚੀਜ਼ਾਂ ਵਿੱਚੋਂ ਇੱਕ ਇਹ ਹੈ ਕਿ ਇਸ ਨੇ ਸਾਨੂੰ ਇਕੱਠੇ ਕੀਤਾ ਹੈ। ਉਨ੍ਹਾਂ ਆਪਣੇ ਰਿਸ਼ਤੇ ਨੂੰ ਉਮਰ ਭਰ ਦਾ ਸਾਥ ਦੱਸਦਿਆਂ 11 ਨਵੰਬਰ 2026 ਦੀ ਤਾਰੀਖ ਵੀ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸਮਰੀਨ ਦੇ ਜਨਮਦਿਨ ਮੌਕੇ ਵੀ ਅਰਸ਼ਦੀਪ ਨੇ ਸੋਸ਼ਲ ਮੀਡੀਆ ’ਤੇ ਪਿਆਰ ਭਰੇ ਅੰਦਾਜ਼ ਵਿੱਚ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਸੀ, ਪਰ ਹੁਣ ਮੰਗਣੀ ਦੀਆਂ ਤਸਵੀਰਾਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਨਵਾਂ ਨਾਮ ਦੇ ਦਿੱਤਾ ਹੈ।
ਕੌਣ ਹੈ ਸਮਰੀਨ ਕੌਰ?
ਅਰਸ਼ਦੀਪ ਸਿੰਘ ਦੀ ਮੰਗੇਤਰ ਸਮਰੀਨ ਕੌਰ ਪੰਜਾਬੀ ਅਦਾਕਾਰਾ ਅਤੇ ਮਾਡਲ ਹੈ। ਉਹ ਸਾਲ 2018 ਵਿੱਚ ਮਿਸ ਇੰਡੀਆ ਮੁਕਾਬਲੇ ਦੀ ਫਾਈਨਲਿਸਟ ਰਹਿ ਚੁੱਕੀ ਹੈ। ਮੂਲ ਰੂਪ ਵਿੱਚ ਜੰਮੂ-ਕਸ਼ਮੀਰ ਨਾਲ ਸਬੰਧਤ ਸਮਰੀਨ ਨੇ ਪੁਣੇ ਦੇ ਸਿੰਬਾਇਓਸਿਸ ਕਾਲਜ ਆਫ਼ ਆਰਟਸ ਐਂਡ ਕਾਮਰਸ ਤੋਂ ਪੜ੍ਹਾਈ ਕੀਤੀ ਹੈ। ਉਹ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਤੋਂ ਇਲਾਵਾ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕਰ ਚੁੱਕੀ ਹੈ।
ਮੁੰਬਈ ਇੰਡੀਅਨਜ਼ ਨਾਲ ਜੁੜੇ ਅਰਸ਼ਦੀਪ
ਇਸ ਖੁਸ਼ੀ ਦੇ ਨਾਲ ਹੀ ਅਰਸ਼ਦੀਪ ਸਿੰਘ ਦੇ ਕ੍ਰਿਕਟ ਕਰੀਅਰ ਵਿੱਚ ਵੀ ਵੱਡਾ ਬਦਲਾਅ ਆਇਆ ਹੈ। ਉਹ ਪੰਜਾਬ ਕਿੰਗਜ਼ ਦਾ ਸਾਥ ਛੱਡ ਕੇ ਮੁੰਬਈ ਇੰਡੀਅਨਜ਼ ਨਾਲ ਜੁੜ ਗਏ ਹਨ। ਦੋਵਾਂ ਫਰੈਂਚਾਇਜ਼ੀਜ਼ ਵਿਚਾਲੇ ਹੋਏ ਖਿਡਾਰੀਆਂ ਦੇ ਵਪਾਰਕ ਸੌਦੇ ਤਹਿਤ ਹਾਰਦਿਕ ਪੰਡਯਾ ਪੰਜਾਬ ਕਿੰਗਜ਼ ਵਿੱਚ ਸ਼ਾਮਲ ਹੋਏ ਹਨ, ਜਦਕਿ ਅਰਸ਼ਦੀਪ ਮੁੰਬਈ ਦੀ ਟੀਮ ਦਾ ਹਿੱਸਾ ਬਣੇ ਹਨ।
ਆਈਪੀਐਲ ਦੇ ਬਿਆਨ ਮੁਤਾਬਕ ਹਾਰਦਿਕ ਪੰਡਯਾ 16.35 ਕਰੋੜ ਰੁਪਏ ਤੋਂ ਵੱਧ ਦੀ ਫੀਸ ’ਤੇ ਪੰਜਾਬ ਕਿੰਗਜ਼ ਵਿੱਚ ਗਏ ਹਨ, ਜਦਕਿ ਅਰਸ਼ਦੀਪ ਸਿੰਘ 18 ਕਰੋੜ ਰੁਪਏ ਦੀ ਕੀਮਤ ’ਤੇ ਮੁੰਬਈ ਇੰਡੀਅਨਜ਼ ਨਾਲ ਜੁੜੇ ਹਨ। ਅਰਸ਼ਦੀਪ ਨੇ ਸਾਲ 2019 ਵਿੱਚ ਪੰਜਾਬ ਕਿੰਗਜ਼ ਵੱਲੋਂ ਆਈਪੀਐਲ ਵਿੱਚ ਡੈਬਿਊ ਕੀਤਾ ਸੀ। ਅੱਠ ਸੀਜ਼ਨ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਇਸ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ 96 ਆਈਪੀਐਲ ਮੈਚਾਂ ਵਿੱਚ 111 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤਰ੍ਹਾਂ ਅੱਜ ਦਾ ਦਿਨ ਅਰਸ਼ਦੀਪ ਲਈ ਨਿੱਜੀ ਅਤੇ ਪੇਸ਼ੇਵਰ ਦੋਵਾਂ ਪੱਖਾਂ ਤੋਂ ਯਾਦਗਾਰ ਬਣ ਗਿਆ ਹੈ।
Get all latest content delivered to your email a few times a month.