ਤਾਜਾ ਖਬਰਾਂ
ਲੁਧਿਆਣਾ ਵਿੱਚ ਦੀਵਾਲੀ ਦੀ ਰਾਤ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਦਾਣਾ ਮੰਡੀ ਇਲਾਕੇ ਵਿੱਚ ਆਪਣੀ ਝੌਂਪੜੀ ਅੰਦਰ ਭੈਣ-ਭਰਾਵਾਂ ਨਾਲ ਮੌਜੂਦ 5 ਸਾਲਾ ਮਾਸੂਮ ਬੱਚਾ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖ਼ਮੀ ਬੱਚੇ ਦੀ ਪਛਾਣ ਕ੍ਰਿਸ਼ਨਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਇਹ ਘਟਨਾ ਗਿੱਲ ਰੋਡ ਸਥਿਤ ਦਾਣਾ ਮੰਡੀ ਦੀ ਹੈ। ਬੱਚੇ ਦੀ ਮਾਂ ਦੀਪਾ ਨੇ ਦੱਸਿਆ ਕਿ ਘਟਨਾ ਸਮੇਂ ਕ੍ਰਿਸ਼ਨਾ ਆਪਣੇ ਭੈਣ-ਭਰਾਵਾਂ ਨਾਲ ਝੌਂਪੜੀ ਅੰਦਰ ਮੰਜੇ 'ਤੇ ਲੇਟਿਆ ਹੋਇਆ ਸੀ, ਜਦਕਿ ਉਹ ਬਾਹਰ ਖਾਣਾ ਬਣਾ ਰਹੀ ਸੀ। ਇਸੇ ਦੌਰਾਨ ਬੱਚਾ ਅਚਾਨਕ ਰੋਣ ਲੱਗ ਪਿਆ। ਜਦੋਂ ਪਰਿਵਾਰ ਨੇ ਅੰਦਰ ਜਾ ਕੇ ਦੇਖਿਆ ਤਾਂ ਉਸਦੇ ਢਿੱਡ ਵਿੱਚ ਗੋਲੀ ਲੱਗਣ ਦਾ ਜ਼ਖ਼ਮ ਸੀ।
ਪਰਿਵਾਰ ਮੁਤਾਬਕ, ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਕਿੱਥੋਂ ਆਈ ਅਤੇ ਕਿਸ ਨੇ ਚਲਾਈ। ਬੱਚੇ ਦੀ ਹਾਲਤ ਵਿਗੜਦੀ ਦੇਖ ਕੇ ਪਰਿਵਾਰ ਉਸਨੂੰ ਤੁਰੰਤ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਇਲਾਜ ਕਰ ਰਹੇ ਡਾਕਟਰ ਸ਼ਿਵਮ ਨੇ ਦੱਸਿਆ ਕਿ ਬੱਚੇ ਦੇ ਢਿੱਡ ਦੇ ਖੱਬੇ ਪਾਸੇ ਗੋਲੀ ਲੱਗਣ ਵਰਗਾ ਜ਼ਖ਼ਮ ਪਾਇਆ ਗਿਆ ਹੈ। ਪਰਿਵਾਰ ਵੱਲੋਂ ਇੱਕ ਵਸਤੂ ਵੀ ਹਸਪਤਾਲ ਲਿਆਂਦੀ ਗਈ ਹੈ, ਜਿਸ ਨੂੰ ਉਨ੍ਹਾਂ ਨੇ ਬੱਚੇ ਦੇ ਢਿੱਡ ਵਿੱਚੋਂ ਕੱਢਿਆ ਸੀ। ਡਾਕਟਰਾਂ ਅਨੁਸਾਰ ਫਿਲਹਾਲ ਬੱਚੇ ਦੀ ਹਾਲਤ ਸਥਿਰ ਹੈ।
ਬੱਚੇ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਰਜਨਾਂ ਅਤੇ ਬਾਲ ਰੋਗ ਮਾਹਿਰਾਂ ਦੀ ਟੀਮ ਵੱਲੋਂ ਉਸਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਗੋਲੀ ਲੱਗਣ ਦਾ ਸ਼ੱਕ ਹੈ, ਪਰ ਸੱਟ ਦੀ ਅਸਲ ਸਥਿਤੀ ਬਾਰੇ ਪੂਰੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਜਾਣਕਾਰੀ ਮਿਲ ਸਕੇਗੀ।
Get all latest content delivered to your email a few times a month.