IMG-LOGO
ਹੋਮ ਪੰਜਾਬ: ਜ਼ੀਰਕਪੁਰ 'ਚ ਵੱਡਾ ਹਾਦਸਾ ਟਲਿਆ: ਢਕੋਲੀ ਦੀ ਮਾਰਕੀਟ 'ਚ ਪਟਾਕਿਆਂ...

ਜ਼ੀਰਕਪੁਰ 'ਚ ਵੱਡਾ ਹਾਦਸਾ ਟਲਿਆ: ਢਕੋਲੀ ਦੀ ਮਾਰਕੀਟ 'ਚ ਪਟਾਕਿਆਂ ਦੇ ਸਟਾਲਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ; ਪ੍ਰਸ਼ਾਸਨਿਕ ਨਿਗਰਾਨੀ 'ਤੇ ਉੱਠੇ ਗੰਭੀਰ ਸਵਾਲ

Admin User - Nov 09, 2026 10:38 AM
IMG

ਮੋਹਾਲੀ ਜ਼ਿਲ੍ਹੇ ਦੇ ਢਕੋਲੀ ਸਥਿਤ ਗੁਰੂ ਨਾਨਕ ਐਨਕਲੇਵ ਦੀ ਭੀੜ-ਭੜੱਕੇ ਵਾਲੀ ਮਾਰਕੀਟ 'ਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਲਗਾਏ ਗਏ ਪਟਾਕਿਆਂ ਅਤੇ ਸਜਾਵਟੀ ਸਾਮਾਨ ਦੀਆਂ ਦੁਕਾਨਾਂ 'ਚ ਭਿਆਨਕ ਅੱਗ ਭੜਕ ਉੱਠੀ। ਦੇਖਦਿਆਂ ਹੀ ਦੇਖਦਿਆਂ ਸਟਾਲਾਂ 'ਚ ਰੱਖੇ ਬਾਰੂਦ ਨੇ ਅੱਗ ਫੜ ਲਈ ਅਤੇ ਧਮਾਕਿਆਂ ਦੀ ਗੂੰਜ ਨਾਲ ਪੂਰਾ ਇਲਾਕਾ ਦਹਿਲ ਗਿਆ। ਖ਼ੌਫ਼ਜ਼ਦਾ ਲੋਕ ਜਾਨ ਬਚਾਉਣ ਲਈ ਇੱਧਰ-ਓਧਰ ਭੱਜਦੇ ਨਜ਼ਰ ਆਏ।


ਅੱਗ ਦੀਆਂ ਭਿਆਨਕ ਲਪਟਾਂ ਨੇ ਆਸ-ਪਾਸ ਦੇ ਹੋਰਨਾਂ ਸਟਾਲਾਂ ਨੂੰ ਵੀ ਆਪਣੀ ਜ਼ਦ 'ਚ ਲੈ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਇਸ ਘਟਨਾ 'ਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਪਰ ਖ਼ੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।


ਇਸ ਹਾਦਸੇ ਨੇ ਸ਼ਹਿਰ 'ਚ ਪਟਾਕਿਆਂ ਦੀ ਵਿਕਰੀ ਅਤੇ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਰਕਾਰੀ ਰਿਕਾਰਡ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਜ਼ੀਰਕਪੁਰ ਖੇਤਰ ਲਈ ਸਿਰਫ਼ 8 ਪਟਾਕਾ ਲਾਇਸੈਂਸ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਰਿਹਾਇਸ਼ੀ ਖੇਤਰਾਂ ਅਤੇ ਮੁੱਖ ਬਾਜ਼ਾਰਾਂ 'ਚ ਧੜੱਲੇ ਨਾਲ ਬਿਨਾਂ ਮਨਜ਼ੂਰੀ ਤੋਂ ਸਟਾਲ ਲਗਾਏ ਜਾ ਰਹੇ ਸਨ।


ਸਥਾਨਕ ਲੋਕਾਂ ਵੱਲੋਂ ਉਠਾਏ ਜਾ ਰਹੇ ਮੁੱਖ ਸਵਾਲ:

ਗ਼ੈਰ-ਕਾਨੂੰਨੀ ਸਟਾਲਾਂ ਦਾ ਜ਼ਿੰਮੇਵਾਰ ਕੌਣ? ਨਿਰਧਾਰਤ ਗਿਣਤੀ ਤੋਂ ਵੱਧ ਸਟਾਲ ਕਿਸ ਦੀ ਸ਼ਹਿ ਜਾਂ ਇਜਾਜ਼ਤ ਨਾਲ ਚੱਲ ਰਹੇ ਸਨ?

ਲਾਪਰਵਾਹੀ ਜਾਂ ਮਿਲੀਭੁਗਤ? ਸੁਰੱਖਿਆ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿਰੁੱਧ ਸਬੰਧਤ ਵਿਭਾਗਾਂ ਨੇ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ?


ਸੁਰੱਖਿਆ ਯੰਤਰਾਂ ਦੀ ਘਾਟ: ਕੀ ਇਨ੍ਹਾਂ ਸਟਾਲਾਂ 'ਤੇ ਅੱਗ ਬੁਝਾਊ ਯੰਤਰ (Fire Extinguishers) ਮੌਜੂਦ ਸਨ ਜਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਰੋਬਾਰ ਚਲਾਇਆ ਜਾ ਰਿਹਾ ਸੀ?


ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਬਾਰੂਦ ਦੀ ਇਸ ਤਰ੍ਹਾਂ ਖੁੱਲ੍ਹੇਆਮ ਵਿਕਰੀ ਕਿਸੇ ਵੱਡੀ ਤ੍ਰਾਸਦੀ ਨੂੰ ਸੱਦਾ ਦੇਣ ਦੇ ਬਰਾਬਰ ਹੈ। ਢਕੋਲੀ ਅਗਨੀਕਾਂਡ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸ਼ਹਿਰ 'ਚ ਨਿਗਰਾਨੀ ਪ੍ਰਣਾਲੀ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਹੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਸਾਰੇ ਵਿਕਰੀ ਕੇਂਦਰਾਂ ਦੀ ਜਾਂਚ ਕਰੇ, ਬਿਨਾਂ ਲਾਇਸੈਂਸ ਚੱਲ ਰਹੇ ਸਟਾਲਾਂ ਨੂੰ ਹਟਾਏ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਕਾਰੋਬਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.