IMG-LOGO
ਹੋਮ ਪੰਜਾਬ: ਪੰਜਾਬ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ: ਦੀਵਾਲੀ ਦੇ ਪਟਾਕਿਆਂ ਅਤੇ...

ਪੰਜਾਬ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ: ਦੀਵਾਲੀ ਦੇ ਪਟਾਕਿਆਂ ਅਤੇ ਪਰਾਲੀ ਦੇ ਧੂੰਏਂ ਨੇ ਵਿਗਾੜੀ ਸੂਬੇ ਦੀ ਫਿਜ਼ਾ

Admin User - Nov 09, 2026 10:22 AM
IMG

ਸੂਬੇ ਭਰ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ 'ਤੇ ਪਹੁੰਚ ਚੁੱਕੀ ਹੈ। ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਅਤੇ ਖੇਤਾਂ ਵਿੱਚ ਲਗਾਤਾਰ ਸਾੜੀ ਜਾ ਰਹੀ ਝੋਨੇ ਦੀ ਪਰਾਲੀ ਦੇ ਜ਼ਹਿਰੀਲੇ ਧੂੰਏਂ ਦੇ ਮਿਲਗੋਭੇ ਨੇ ਪੰਜਾਬ ਨੂੰ ਪ੍ਰਦੂਸ਼ਣ ਦੀ ਸੰਘਣੀ ਚਾਦਰ ਵਿੱਚ ਲਪੇਟ ਲਿਆ ਹੈ। ਇਸ ਤੋਂ ਇਲਾਵਾ ਵਾਹਨਾਂ ਦੇ ਧੂੰਏਂ, ਕੂੜੇ ਨੂੰ ਲਗਾਈ ਜਾ ਰਹੀ ਅੱਗ ਅਤੇ ਉਸਾਰੀ ਕਾਰਜਾਂ ਤੋਂ ਉੱਡਦੀ ਧੂੜ ਨੇ ਬਲਦੇ 'ਤੇ ਤੇਲ ਦਾ ਕੰਮ ਕੀਤਾ ਹੈ, ਜਿਸ ਨਾਲ ਲੋਕਾਂ ਦਾ ਸਾਹ ਲੈਣਾ ਦੂਭਰ ਹੋ ਗਿਆ ਹੈ।


ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਤਿਸ਼ਬਾਜ਼ੀ ਲਈ ਨਿਰਧਾਰਤ ਕੀਤੀਆਂ ਗਈਆਂ ਸਮਾਂ-ਸੀਮਾਵਾਂ ਧਰੀਆਂ-ਧਰਾਈਆਂ ਰਹਿ ਗਈਆਂ। ਰਿਹਾਇਸ਼ੀ ਅਤੇ ਸ਼ਹਿਰੀ ਇਲਾਕਿਆਂ ਵਿੱਚ ਅੱਧੀ ਰਾਤ ਤੱਕ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਭਾਰੀ ਆਤਿਸ਼ਬਾਜ਼ੀ ਕੀਤੀ ਗਈ। ਇਸ ਕਾਰਨ ਹਵਾ ਵਿੱਚ ਜ਼ਹਿਰੀਲੀਆਂ ਗੈਸਾਂ ਦਾ ਪ੍ਰਕੋਪ ਇਸ ਕਦਰ ਵਧ ਗਿਆ ਕਿ ਲੋਕਾਂ ਨੇ ਅੱਖਾਂ ਵਿੱਚ ਜਲਨ ਅਤੇ ਸਾਹ ਵਿੱਚ ਤਿੱਖੀ ਬਦਬੂ ਆਉਣ ਦੀਆਂ ਸ਼ਿਕਾਇਤਾਂ ਕੀਤੀਆਂ।


ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ ਐਤਵਾਰ ਨੂੰ ਏਅਰ ਕੁਆਲਿਟੀ ਇੰਡੈਕਸ (AQI) 445 'ਤੇ ਪਹੁੰਚ ਗਿਆ, ਜੋ ਕਿ 'ਗੰਭੀਰ' ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਤੋਂ ਪਹਿਲਾਂ 6 ਨਵੰਬਰ ਨੂੰ ਵੀ ਇੱਥੋਂ ਦਾ AQI 319 ਦਰਜ ਕੀਤਾ ਗਿਆ ਸੀ।


ਦੀਵਾਲੀ ਤੋਂ ਪਹਿਲਾਂ 7 ਨਵੰਬਰ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਲੁਧਿਆਣਾ ਵਿੱਚ AQI 281, ਜਲੰਧਰ ਵਿੱਚ 260, ਖੰਨਾ ਵਿੱਚ 249 ਅਤੇ ਪਟਿਆਲਾ ਵਿੱਚ 184 ਦਰਜ ਕੀਤਾ ਗਿਆ ਸੀ, ਜੋ ਪਹਿਲਾਂ ਹੀ ਚਿੰਤਾਜਨਕ ਸਥਿਤੀ ਨੂੰ ਦਰਸਾਉਂਦਾ ਹੈ।


ਇੱਕ ਪਾਸੇ ਪਟਾਕਿਆਂ ਦੀ ਧੁੰਦ ਸੀ, ਤਾਂ ਦੂਜੇ ਪਾਸੇ ਖੇਤਾਂ ਵਿੱਚੋਂ ਉੱਠਦਾ ਧੂੰਆਂ ਬੁਝਣ ਦਾ ਨਾਂ ਨਹੀਂ ਲੈ ਰਿਹਾ। 7 ਨਵੰਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ 3,300 ਦਾ ਅੰਕੜਾ ਪਾਰ ਕਰ ਚੁੱਕੇ ਸਨ, ਜਦਕਿ 8 ਨਵੰਬਰ ਨੂੰ ਇੱਕੋ ਦਿਨ ਵਿੱਚ 1,152 ਨਵੇਂ ਮਾਮਲੇ ਸਾਹਮਣੇ ਆਏ। ਜ਼ਿਲ੍ਹਾ-ਵਾਰ ਅੰਕੜਿਆਂ ਮੁਤਾਬਕ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ 592, ਸੰਗਰੂਰ ਵਿੱਚ 488, ਬਠਿੰਡਾ ਵਿੱਚ 406, ਪਟਿਆਲਾ ਵਿੱਚ 288 ਅਤੇ ਲੁਧਿਆਣਾ ਵਿੱਚ 193 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।


ਚਿਕਿਤਸਾ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਪ੍ਰਦੂਸ਼ਿਤ ਹਵਾ ਸਾਹ ਅਤੇ ਦਿਲ ਦੇ ਮਰੀਜ਼ਾਂ ਲਈ ਬੇਹੱਦ ਘਾਤਕ ਸਿੱਧ ਹੋ ਸਕਦੀ ਹੈ। ਅਸਥਮਾ ਦੇ ਮਰੀਜ਼ਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਖ਼ਾਸ ਤੌਰ 'ਤੇ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅੱਖਾਂ ਵਿੱਚ ਜਲਨ, ਨੱਕ ਦੀ ਐਲਰਜੀ ਅਤੇ ਚਮੜੀ ਦੀਆਂ ਸਮੱਸਿਆਵਾਂ ਵਧਣ ਦਾ ਖ਼ਤਰਾ ਜਤਾਇਆ ਗਿਆ ਹੈ।


ਆਉਣ ਵਾਲੇ ਦਿਨਾਂ ਵਿੱਚ ਰਾਹਤ ਮਿਲਣ ਦੀ ਉਮੀਦ ਘੱਟ ਹੈ, ਜਿਸ ਕਾਰਨ ਆਮ ਜਨਤਾ ਨੂੰ ਮਾਸਕ ਵਰਤਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.