ਤਾਜਾ ਖਬਰਾਂ
ਫਿਰੋਜ਼ਪੁਰ ਦੇ ਮਮਦੋਟ ਵਿੱਚ ਕਰਿਆਨਾ ਵਪਾਰੀ ਦੇ ਘਰ ’ਤੇ ਇੱਕ ਵਾਰ ਫਿਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਘਰ ਦੇ ਮੁੱਖ ਗੇਟ ਨੇੜੇ ਦੋ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 18 ਦਿਨਾਂ ਦੌਰਾਨ ਇਸੇ ਘਰ ਨੂੰ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ।
ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ 18 ਅਕਤੂਬਰ ਨੂੰ ਵੀ ਹਮਲਾਵਰਾਂ ਵੱਲੋਂ ਵਪਾਰੀ ਦੇ ਘਰ ’ਤੇ ਪੰਜ ਗੋਲੀਆਂ ਚਲਾਈਆਂ ਗਈਆਂ ਸਨ। ਕਰਿਆਨਾ ਕਾਰੋਬਾਰੀ ਮੁਨੀਸ਼ ਚੋਪੜਾ ਨੂੰ ਕਥਿਤ ਤੌਰ ’ਤੇ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੀਆਂ ਕਾਲਾਂ ਵੀ ਆਈਆਂ ਸਨ, ਜਿਸ ਵਿੱਚ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਸੀ। ਧਮਕੀਆਂ ਤੋਂ ਬਾਅਦ ਪਰਿਵਾਰ ਦੀ ਸੁਰੱਖਿਆ ਲਈ ਸਰਕਾਰੀ ਗੰਨਮੈਨ ਤਾਇਨਾਤ ਕੀਤਾ ਗਿਆ ਸੀ।
ਤਾਜ਼ਾ ਘਟਨਾ ਸਮੇਂ ਘਰ ਦੇ ਅੰਦਰ ਪੁਲਿਸ ਮੁਲਾਜ਼ਮ ਮੌਜੂਦ ਹੋਣ ਦੇ ਬਾਵਜੂਦ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ’ਤੇ ਆਉਂਦੇ ਅਤੇ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਲਗਾਤਾਰ ਦੂਜੀ ਵਾਰ ਹੋਈ ਇਸ ਘਟਨਾ ਨੇ ਇਲਾਕੇ ਦੇ ਵਪਾਰੀਆਂ ਦੀ ਸੁਰੱਖਿਆ ਅਤੇ ਪੁਲਿਸ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.