ਤਾਜਾ ਖਬਰਾਂ
ਲੁਧਿਆਣਾ: ਸ਼ਹਿਰ ਦੇ ਈਸਾ ਨਗਰੀ ਪੁਲੀ ਇਲਾਕੇ ਵਿੱਚ ਅੱਜ ਸਵੇਰੇ ਇੱਕ ਖ਼ੌਫ਼ਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਹੁੰਡਈ ਵਰਨਾ ਕਾਰ ਨੇ ਸੜਕ ’ਤੇ ਜਾ ਰਹੇ ਲੋਕਾਂ ਨੂੰ ਬੇਰਹਿਮੀ ਨਾਲ ਆਪਣੀ ਲਪੇਟ ਵਿੱਚ ਲੈ ਲਿਆ। ਇਸ ਭਿਆਨਕ ਘਟਨਾ ਵਿੱਚ ਇੱਕ ਸਕੂਟੀ ਸਵਾਰ ਸਬਜ਼ੀ ਵਿਕਰੇਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਲਗਭਗ ਚਾਰ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਮ੍ਰਿਤਕ ਦੀ ਸ਼ਨਾਖਤ ਜਗਤਾਰ ਸਿੰਘ ਵਜੋਂ ਹੋਈ ਹੈ, ਜੋ ਬੂਥਗੜ੍ਹ ਦੀ ਸਰਸਾਲੀ ਕਾਲੋਨੀ ਦਾ ਨਿਵਾਸੀ ਸੀ ਅਤੇ ਪਿਛਲੇ 20 ਸਾਲਾਂ ਤੋਂ ਇਸੇ ਖੇਤਰ ਵਿੱਚ ਸਬਜ਼ੀ ਵੇਚਣ ਦਾ ਕੰਮ ਕਰ ਰਿਹਾ ਸੀ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਦੀ ਗਤੀ ਬਹੁਤ ਜ਼ਿਆਦਾ ਸੀ। ਬੇਕਾਬੂ ਗੱਡੀ ਨੇ ਸਭ ਤੋਂ ਪਹਿਲਾਂ ਜਗਤਾਰ ਸਿੰਘ ਦੀ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਉਸ ਨੂੰ ਸਕੂਟੀ ਸਮੇਤ ਕਾਫ਼ੀ ਦੂਰ ਤੱਕ ਘੜੀਸਦੀ ਹੋਈ ਲੈ ਗਈ। ਇਸ ਤੋਂ ਬਾਅਦ ਕਾਰ ਨੇ ਪੈਦਲ ਚੱਲ ਰਹੇ ਹੋਰ ਰਾਹਗੀਰਾਂ ਨੂੰ ਵੀ ਦਰੜ ਦਿੱਤਾ। ਅੰਤ ਵਿੱਚ ਕਾਰ ਸੜਕ ਕਿਨਾਰੇ ਖੜ੍ਹੇ ਹੋਰ ਵਾਹਨਾਂ ਨਾਲ ਟਕਰਾ ਕੇ ਲਗਭਗ 50 ਮੀਟਰ ਦੂਰ ਜਾ ਕੇ ਰੁਕੀ।
ਹਾਦਸੇ ਵਿੱਚ ਜ਼ਖ਼ਮੀ ਹੋਏ ਰਾਹਗੀਰ ਅਸ਼ੋਕ ਕੁਮਾਰ ਨੇ ਹੱਡ-ਬੀਤੀ ਦੱਸਦਿਆਂ ਕਿਹਾ ਕਿ ਉਹ ਪੈਦਲ ਜਾ ਰਿਹਾ ਸੀ ਜਦੋਂ ਅਚਾਨਕ ਆਈ ਤੇਜ਼ ਕਾਰ ਨੇ ਸਬਜ਼ੀ ਵਾਲੇ ਨੂੰ ਟੱਕਰ ਮਾਰਨ ਤੋਂ ਬਾਅਦ ਉਸ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਉਹ ਬੇਹੋਸ਼ ਹੋ ਗਿਆ ਅਤੇ ਉਸ ਦੇ ਸਿਰ, ਹੱਥ ਤੇ ਪਿੱਠ ’ਤੇ ਗੰਭੀਰ ਸੱਟਾਂ ਆਈਆਂ ਹਨ।
ਚਸ਼ਮਦੀਦਾਂ ਅਨੁਸਾਰ ਕਾਰ ਚਲਾ ਰਿਹਾ ਨੌਜਵਾਨ ਗੱਡੀ ਚਲਾਉਣੀ ਸਿੱਖ ਰਿਹਾ ਸੀ। ਇਲਾਕੇ ਵਿੱਚ ਅਚਾਨਕ ਭੀੜ ਦੇਖ ਕੇ ਉਹ ਘਬਰਾ ਗਿਆ, ਜਿਸ ਕਾਰਨ ਗੱਡੀ ਉਸ ਦੇ ਕਾਬੂ ਤੋਂ ਬਾਹਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਚੀਕ-ਚਿਹਾੜਾ ਪੈ ਗਿਆ। ਮੌਕੇ ’ਤੇ ਮੌਜੂਦ ਰੋਸ ਵਿੱਚ ਆਏ ਲੋਕਾਂ ਨੇ ਕਾਰ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-3 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ (ਐਸ.ਐਚ.ਓ.) ਗੁਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਾਰ ਚਾਲਕ ਦੀ ਪਛਾਣ ਤਮਨਜੋਤ ਸਿੰਘ (ਉਮਰ 20-22 ਸਾਲ), ਵਾਸੀ ਫੀਲਡ ਗੰਜ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Get all latest content delivered to your email a few times a month.