ਤਾਜਾ ਖਬਰਾਂ
ਜ਼ੀਰਕਪੁਰ ਦੇ ਬਲਟਾਣਾ ਸਥਿਤ ਮਸ਼ਹੂਰ ਫਰਨੀਚਰ ਮਾਰਕੀਟ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਭਾਰੀ ਤਬਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਦੀ ਲਪੇਟ ਵਿੱਚ ਆਉਣ ਨਾਲ ਲਗਭਗ 22 ਫਰਨੀਚਰ ਸ਼ੈੱਡ ਪੂਰੀ ਤਰ੍ਹਾਂ ਸੜ ਕੇ ਢਹਿ-ਢੇਰੀ ਹੋ ਗਏ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਏਨਾ ਰੌਦਰ ਰੂਪ ਧਾਰਨ ਕਰ ਲਿਆ ਕਿ ਇੱਕ ਸ਼ੈੱਡ ਤੋਂ ਬਾਅਦ ਦੂਜੇ ਸ਼ੈੱਡ ਵਿੱਚ ਅੱਗ ਤੇਜ਼ੀ ਨਾਲ ਫੈਲਦੀ ਗਈ। ਸ਼ੈੱਡਾਂ ਅੰਦਰ ਰੱਖਿਆ ਲੱਖਾਂ ਰੁਪਏ ਦਾ ਕੀਮਤੀ ਫਰਨੀਚਰ ਅਤੇ ਹੋਰ ਸਮਾਨ ਸੁਆਹ ਦੀ ਢੇਰੀ ਵਿੱਚ ਤਬਦੀਲ ਹੋ ਗਿਆ, ਜਿਸ ਨਾਲ ਪੀੜਤ ਦੁਕਾਨਦਾਰਾਂ ਨੂੰ ਵੱਡਾ ਮਾਲੀ ਘਾਟਾ ਪਿਆ ਹੈ।
ਘਟਨਾ ਦੀ ਇਤਲਾਹ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 7 ਤੋਂ 8 ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅਸਮਾਨ ਵਿੱਚ ਉੱਠਦੇ ਧੂੰਏਂ ਦੇ ਗੁਬਾਰ ਅਤੇ ਭਿਆਨਕ ਲਪਟਾਂ ਨੂੰ ਦੇਖ ਕੇ ਆਸ-ਪਾਸ ਦੇ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ 'ਤੇ ਇਕੱਠੇ ਹੋ ਗਏ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਵਲੋਂ ਹੋਏ ਕੁੱਲ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਲਟਾਣਾ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਬਲਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਦਰਦਨਾਕ ਘਟਨਾਵਾਂ ਨੇ ਬਾਜ਼ਾਰ ਦੇ ਮੌਜੂਦਾ ਸੁਰੱਖਿਆ ਇੰਤਜ਼ਾਮਾਂ 'ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਪੀੜਤ ਕਾਰੋਬਾਰੀਆਂ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਹਾਦਸੇ ਉਨ੍ਹਾਂ ਦੀ ਸਾਲਾਂ ਦੀ ਕਮਾਈ ਅਤੇ ਮਿਹਨਤ ਨੂੰ ਪਲ ਭਰ ਵਿੱਚ ਬਰਬਾਦ ਕਰ ਦਿੰਦੇ ਹਨ। ਇਸ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਵਲੋਂ ਹਾਲੇ ਤੱਕ ਅੱਗ ਤੋਂ ਬਚਾਅ ਦੇ ਕੋਈ ਪੁਖ਼ਤਾ ਉਪਾਅ ਨਹੀਂ ਕੀਤੇ ਗਏ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਮਾਰਕੀਟ ਦੀ ਸੁਰੱਖਿਆ ਲਈ ਤੁਰੰਤ ਠੋਸ ਅਤੇ ਸਥਾਈ ਕਦਮ ਚੁੱਕੇ ਤਾਂ ਜੋ ਭਵਿੱਖ ਵਿੱਚ ਅਜਿਹੇ ਨੁਕਸਾਨ ਤੋਂ ਬਚਿਆ ਜਾ ਸਕੇ।
Get all latest content delivered to your email a few times a month.