ਤਾਜਾ ਖਬਰਾਂ
ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਲਗਾਤਾਰ ਖੁਸ਼ਕ ਬਣਿਆ ਹੋਇਆ ਹੈ। ਹਾਲਾਂਕਿ ਸੋਮਵਾਰ ਤੋਂ ਬਾਅਦ ਤਾਪਮਾਨ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਰਾਤਾਂ 'ਚ ਠੰਢ ਦਾ ਅਹਿਸਾਸ ਵਧਣ ਲੱਗਾ ਹੈ। ਇਸ ਸਭ ਦੇ ਨਾਲ ਹੀ ਸੂਬੇ ਵਿੱਚ ਵਧਦੇ ਹਵਾ ਪ੍ਰਦੂਸ਼ਣ ਨੇ ਆਮ ਜਨ-ਜੀਵਨ ਲਈ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ। ਰਾਜ ਦੇ ਛੇ ਵੱਡੇ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) ਖ਼ਤਰਨਾਕ ਪੱਧਰ 'ਤੇ ਪਹੁੰਚ ਚੁੱਕਾ ਹੈ।
ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਦੀਵਾਲੀ ਤੱਕ ਅਤੇ ਉਸ ਤੋਂ ਬਾਅਦ ਵੀ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸੂਬੇ 'ਚ ਫਿਲਹਾਲ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਬੀਤੇ ਦਿਨ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਪਰ ਤਾਪਮਾਨ ਆਮ ਦੇ ਨੇੜੇ ਹੀ ਬਣਿਆ ਹੋਇਆ ਹੈ। ਬੀਤੇ ਦਿਨ ਫਰੀਦਕੋਟ 32.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ।
ਪ੍ਰਦੂਸ਼ਣ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਖੰਨਾ ਵਿੱਚ ਸਭ ਤੋਂ ਵੱਧ AQI ਦਰਜ ਕੀਤਾ ਗਿਆ ਹੈ। ਸੂਬੇ ਦੇ ਤਿੰਨ ਵੱਡੇ ਜ਼ਿਲ੍ਹਿਆਂ 'ਚ AQI 100 ਤੋਂ ਪਾਰ ਹੈ, ਜਦੋਂ ਕਿ ਬਾਕੀਆਂ 'ਚ ਇਹ 200 ਦਾ ਅੰਕੜਾ ਪਾਰ ਕਰ ਚੁੱਕਾ ਹੈ। ਵਧਦੇ ਹਵਾ ਪ੍ਰਦੂਸ਼ਣ ਕਾਰਨ ਹਸਪਤਾਲਾਂ ਵਿੱਚ ਸਾਹ ਅਤੇ ਛਾਤੀ ਦੀਆਂ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਿਹਤ ਮਾਹਰਾਂ ਅਤੇ ਡਾਕਟਰਾਂ ਨੇ ਆਮ ਲੋਕਾਂ ਨੂੰ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਵਰਤਣ ਦੀ ਹਦਾਇਤ ਕੀਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਵਿਗੜ ਸਕਦਾ ਹੈ।
ਮੁੱਖ ਸ਼ਹਿਰਾਂ ਦਾ ਤਾਪਮਾਨ (ਡਿਗਰੀ ਸੈਲਸੀਅਸ ਵਿੱਚ):
ਫਰੀਦਕੋਟ: 32.8°C
ਬਠਿੰਡਾ (ਏਅਰਪੋਰਟ): 31.8°C
ਪਟਿਆਲਾ: 31.2°C
ਚੰਡੀਗੜ੍ਹ: 31.0°C
ਲੁਧਿਆਣਾ: 30.8°C
ਫਿਰੋਜ਼ਪੁਰ: 30.2°C
ਐਸ.ਬੀ.ਐਸ. ਨਗਰ (ਬੱਲੋਵਾਲ ਸੌਂਖਰੀ): 29.7°C
ਅੰਮ੍ਰਿਤਸਰ: 29.1°C
ਬਰਨਾਲਾ: 29.0°C
ਪਠਾਨਕੋਟ: 28.0°C
Get all latest content delivered to your email a few times a month.