ਤਾਜਾ ਖਬਰਾਂ
ਕੇਂਦਰੀ ਦਿੱਲੀ ਵਿੱਚ ਲਗਾਤਾਰ ਹੋ ਰਹੇ ਧਰਨਿਆਂ ਅਤੇ ਵਿਰੋਧ ਪ੍ਰਦਰਸ਼ਨਾਂ 'ਤੇ ਅਹਿਮ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਸਾਫ਼ ਕੀਤਾ ਹੈ ਕਿ ਵਿਰੋਧ ਪ੍ਰਦਰਸ਼ਨ ਕਰਨ ਦੇ ਨਾਂ 'ਤੇ ਕਿਸੇ ਵੀ ਜਨਤਕ ਜਗ੍ਹਾ 'ਤੇ ਅਣਮਿੱਥੇ ਸਮੇਂ ਲਈ ਕਬਜ਼ਾ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਦਾ ਅਧਿਕਾਰ ਸਭ ਨੂੰ ਹੈ, ਪਰ ਇਸ ਲਈ ਇੱਕ ਸਮਾਂ-ਸੀਮਾ ਅਤੇ ਨਿਰਧਾਰਤ ਸਥਾਨ ਹੋਣਾ ਜ਼ਰੂਰੀ ਹੈ ਤਾਂ ਜੋ ਹੋਰਨਾਂ ਲੋਕਾਂ ਦੀ ਰੋਜ਼ੀ-ਰੋਟੀ 'ਤੇ ਕੋਈ ਮਾੜਾ ਅਸਰ ਨਾ ਪਵੇ।
ਦਿੱਲੀ ਦੇ ਵਪਾਰੀਆਂ ਦੀ ਸੰਸਥਾ 'ਕਿਰਨਾ ਕਮੇਟੀ' ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੀ.ਜੇ.ਆਈ. ਸੂਰਿਆ ਕਾਂਤ ਨੇ ਪੁੱਛਿਆ ਕਿ ਜੇਕਰ ਇੱਕੋ ਥਾਂ 'ਤੇ ਲਗਾਤਾਰ ਕਬਜ਼ਾ ਰਹੇਗਾ ਤਾਂ ਬਾਕੀ ਪ੍ਰਦਰਸ਼ਨਕਾਰੀ, ਕਿਸਾਨ ਅਤੇ ਵਕੀਲ ਕਿੱਥੇ ਜਾਣਗੇ? ਉਨ੍ਹਾਂ ਚਿੰਤਾ ਪ੍ਰਗਟਾਈ ਕਿ ਅਜਿਹੇ ਪ੍ਰਦਰਸ਼ਨਾਂ ਨਾਲ ਛੋਟੇ ਦੁਕਾਨਦਾਰਾਂ ਅਤੇ ਗਲੀ-ਵਿਕਰੇਤਾਵਾਂ ਦਾ ਰੋਜ਼ਗਾਰ ਪ੍ਰਭਾਵਿਤ ਹੁੰਦਾ ਹੈ।
ਵਪਾਰੀਆਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਅਦਾਲਤ ਨੂੰ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੋਣ ਵਾਲੀਆਂ ਰੈਲੀਆਂ ਅਤੇ ਧਰਨਿਆਂ ਕਾਰਨ ਕਾਰੋਬਾਰੀਆਂ ਨੂੰ ਲਗਭਗ ₹2,000 ਕਰੋੜ ਦਾ ਭਾਰੀ ਨੁਕਸਾਨ ਚੁੱਕਣਾ ਪਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਸੁਣਵਾਈ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ 20 ਜੁਲਾਈ ਨੂੰ ਪ੍ਰਦਰਸ਼ਨਕਾਰੀਆਂ ਨੂੰ ਸਿਰਫ਼ ਇੱਕ ਦਿਨ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਜਗ੍ਹਾ ਖਾਲੀ ਕਰਨ ਦੀ ਬਜਾਏ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸੰਸਦ ਜਾਂ ਸੁਪਰੀਮ ਕੋਰਟ ਵਰਗੀਆਂ ਸੰਵੇਦਨਸ਼ੀਲ ਥਾਵਾਂ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਦੂਜੇ ਪਾਸੇ, ਮੇਨਕਾ ਗੁਰੂਸਵਾਮੀ ਨੇ ਅਦਾਲਤ ਵਿੱਚ ਪੱਖ ਰੱਖਦਿਆਂ ਕਿਹਾ ਕਿ ਜੰਤਰ-ਮੰਤਰ ਅਤੇ ਰਾਮਲੀਲਾ ਮੈਦਾਨ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਕੋਈ ਹਿੰਸਾ ਨਹੀਂ ਹੋਈ, ਇਸ ਲਈ ਬਾਹਰਲੇ ਦੇਸ਼ਾਂ ਦੀਆਂ ਘਟਨਾਵਾਂ ਨਾਲ ਇਸ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ।
ਸੁਣਵਾਈ ਦੌਰਾਨ ਨਿਗਰਾਨੀ ਸਾਫਟਵੇਅਰ ਦਾ ਮੁੱਦਾ ਵੀ ਗਰਮਾਇਆ। ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ 'ਫੇਸ਼ੀਅਲ ਰਿਕੋਗਨਿਸ਼ਨ ਸਾਫਟਵੇਅਰ' (ਚਿਹਰੇ ਦੀ ਪਛਾਣ ਕਰਨ ਵਾਲੀ ਤਕਨਾਲੋਜੀ) ਦੀ ਵਰਤੋਂ 'ਤੇ ਸਵਾਲ ਚੁੱਕੇ ਅਤੇ ਸਰਕਾਰ ਤੋਂ ਇਸ ਡੇਟਾ ਦੀ ਵਰਤੋਂ ਬਾਰੇ ਜਵਾਬ ਮੰਗਿਆ।
ਇਸ ਦੇ ਜਵਾਬ ਵਿੱਚ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸਪੱਸ਼ਟ ਕੀਤਾ ਕਿ ਜਨਤਕ ਥਾਵਾਂ 'ਤੇ ਪ੍ਰਦਰਸ਼ਨ ਕਰਨ ਵੇਲੇ ਕੋਈ ਵੀ ਨਿੱਜਤਾ (Privacy) ਦਾ ਦਾਅਵਾ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਅਦਾਲਤੀ ਆਦੇਸ਼ਾਂ ਤੋਂ ਬਾਅਦ ਹੀ ਸਾਰੇ ਨਿਰਧਾਰਤ ਪ੍ਰਦਰਸ਼ਨ ਸਥਾਨਾਂ 'ਤੇ ਸੀ.ਸੀ.ਟੀ.ਵੀ. (CCTV) ਨਿਗਰਾਨੀ ਦਾ ਪ੍ਰਬੰਧ ਕੀਤਾ ਗਿਆ ਹੈ।
Get all latest content delivered to your email a few times a month.