ਤਾਜਾ ਖਬਰਾਂ
ਜਗਰਾਓਂ ਨੇੜਲੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਰਾਜੋਆਣਾ ਕਲਾਂ ਵਿਖੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁੱਖ ਸ਼ੂਟਰ ਰਾਜ ਕੁਮਾਰ ਉਰਫ਼ ਰਾਜੂ ਦੀ ਗ੍ਰਿਫ਼ਤਾਰੀ ਦੇ ਮਹਿਜ਼ 24 ਘੰਟਿਆਂ ਦੇ ਅੰਦਰ ਹੀ ਹਿਰਾਸਤ ਦੌਰਾਨ ਮੌਤ ਹੋ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਨੂਰਪੁਰ ਮਾਛੀਵਾੜਾ ਦੇ ਰਹਿਣ ਵਾਲੇ ਰਾਜੂ ਦੀ ਸੋਮਵਾਰ ਰਾਤ ਅਚਾਨਕ ਤਬੀਅਤ ਵਿਗੜ ਗਈ ਸੀ। ਪੁਲਿਸ ਵੱਲੋਂ ਪਹਿਲਾਂ ਉਸ ਨੂੰ ਸੁਧਾਰ ਦੇ ਸਰਕਾਰੀ ਤੇ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਲੁਧਿਆਣਾ ਦੇ ਗਲੋਬਲ ਹਾਰਟ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਸੂਤਰਾਂ ਅਨੁਸਾਰ ਮੁਲਜ਼ਮ ਪਿਛਲੇ ਕੁੱਝ ਸਮੇਂ ਤੋਂ ਗੁਰਦਿਆਂ (ਕਿਡਨੀ) ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ। ਹਾਲਾਂਕਿ ਇਸ ਪੂਰੇ ਮਾਮਲੇ 'ਤੇ ਫਿਲਹਾਲ ਉੱਚ ਪੁਲਿਸ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਨਿਯਮਾਂ ਅਨੁਸਾਰ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਵੀਡੀਓਗ੍ਰਾਫ਼ੀ ਹੇਠ ਪੋਸਟਮਾਰਟਮ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ 28 ਅਕਤੂਬਰ ਦੀ ਤੜਕੇ ਕਰੀਬ 3:10 ਵਜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਅੰਧਾਧੁੰਦ ਫਾਇਰਿੰਗ ਕੀਤੀ ਸੀ। ਇਸ ਸਬੰਧੀ ਥਾਣਾ ਸੁਧਾਰ ਵਿਖੇ ਧਾਰਾ 109 BNS ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸੀਸੀਟੀਵੀ (CCTV) ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਲੁਧਿਆਣਾ ਦਿਹਾਤੀ ਪੁਲਿਸ ਨੇ ਮੁੱਖ ਸ਼ੂਟਰ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ 'ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 7 ਅਪਰਾਧਿਕ ਮੁਕੱਦਮੇ ਦਰਜ ਸਨ। ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਫਾਇਰਿੰਗ ਗੁਰੂਘਰ ਦੇ ਮੁੱਖ ਸੇਵਾਦਾਰ ਨੂੰ ਬਲੈਕਮੇਲ ਕਰਨ ਅਤੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਕਰਵਾਈ ਗਈ ਸੀ।
Get all latest content delivered to your email a few times a month.