ਤਾਜਾ ਖਬਰਾਂ
ਗੁਰਦਾਸਪੁਰ ਦੇ ਕਾਦੀਆਂ ਇਲਾਕੇ ਵਿੱਚ ਸੋਮਵਾਰ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਅੰਮ੍ਰਿਤਸਰ ਵਿਖੇ ਉੱਚ ਸਿੱਖਿਆ ਹਾਸਲ ਕਰ ਰਹੇ ਦੋ ਜਿਗਰੀ ਦੋਸਤਾਂ ਦੀ ਬਾਈਕ ਨੂੰ ਇੱਕ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਕਾਦੀਆਂ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਅਤੇ ਜੈਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵੇਂ ਅੰਮ੍ਰਿਤਸਰ ਦੇ ਗਲੋਬਲ ਇੰਸਟੀਚਿਊਟ ਵਿੱਚ ਡਿਗਰੀ ਦੀ ਪੜ੍ਹਾਈ ਕਰ ਰਹੇ ਸਨ ਅਤੇ ਰੋਜ਼ਾਨਾ ਬੱਸ ਰਾਹੀਂ ਕਾਲਜ ਜਾਂਦੇ ਸਨ।
ਜਾਣਕਾਰੀ ਅਨੁਸਾਰ, ਸੋਮਵਾਰ ਸਵੇਰੇ ਘਰ ਤੋਂ ਦੇਰੀ ਨਾਲ ਨਿਕਲਣ ਕਾਰਨ ਦੋਵੇਂ ਦੋਸਤ ਬਟਾਲਾ ਬੱਸ ਅੱਡੇ ਤੋਂ ਅੰਮ੍ਰਿਤਸਰ ਜਾਣ ਵਾਲੀ ਬੱਸ ਫੜਨ ਲਈ ਮੋਟਰਸਾਈਕਲ ‘ਤੇ ਰਵਾਨਾ ਹੋਏ ਸਨ। ਕਾਦੀਆਂ ਤੋਂ ਕੁਝ ਦੂਰੀ ‘ਤੇ ਉਨ੍ਹਾਂ ਦੀ ਬਾਈਕ ਇੱਕ ਪ੍ਰਾਈਵੇਟ ਰਾਜਧਾਨੀ ਬੱਸ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨਾਂ ਦੀ ਜਾਨ ਬਚਾਈ ਨਹੀਂ ਜਾ ਸਕੀ।
ਇਸ ਦੁਖਦਾਈ ਖ਼ਬਰ ਤੋਂ ਬਾਅਦ ਦੋਵੇਂ ਪਰਿਵਾਰਾਂ ਵਿੱਚ ਮਾਤਮ ਦਾ ਮਾਹੌਲ ਹੈ। ਜਸ਼ਨਪ੍ਰੀਤ ਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ ਅਤੇ ਘਰ ਵਿੱਚ ਉਸ ਦੀ ਮਾਤਾ ਇਕੱਲੀ ਰਹਿੰਦੀ ਹੈ, ਜਦਕਿ ਉਸ ਦਾ ਭਰਾ ਵਿਦੇਸ਼ ਵਿੱਚ ਹੈ। ਉੱਥੇ ਹੀ ਜੈਪ੍ਰੀਤ ਦੇ ਮਾਤਾ-ਪਿਤਾ ਵੀ ਆਪਣੇ ਪੁੱਤਰ ਦੇ ਅਚਾਨਕ ਵਿਛੋੜੇ ਨਾਲ ਡੂੰਘੇ ਸਦਮੇ ਵਿੱਚ ਹਨ।
ਦੋਵੇਂ ਨੌਜਵਾਨ ਆਪਣੇ ਪਰਿਵਾਰਾਂ ਦੀਆਂ ਉਮੀਦਾਂ ਸਨ ਅਤੇ ਉੱਚ ਸਿੱਖਿਆ ਹਾਸਲ ਕਰਕੇ ਚੰਗਾ ਭਵਿੱਖ ਬਣਾਉਣ ਦੇ ਸੁਪਨੇ ਦੇਖ ਰਹੇ ਸਨ। ਪਰ ਇਸ ਅਚਾਨਕ ਹਾਦਸੇ ਨੇ ਦੋ ਦੋਸਤਾਂ ਦੀ ਜ਼ਿੰਦਗੀ ਖੋਹ ਲਈ ਅਤੇ ਕਾਦੀਆਂ ਸਮੇਤ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
Get all latest content delivered to your email a few times a month.