ਤਾਜਾ ਖਬਰਾਂ
ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ 'ਔਰਾ ਇੰਡੀਆ ਟੂਰ 2026' ਦੇ ਪਹਿਲੇ ਦਿਨ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਦਰਸ਼ਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਪਣੀ ਹਾਲੀਆ ਰਿਲੀਜ਼ ਹੋਈ ਅਤੇ ਵਿਵਾਦਾਂ ਵਿੱਚ ਘਿਰੀ ਫ਼ਿਲਮ 'ਸਤਲੁਜ' ਬਾਰੇ ਅਹਿਮ ਬਿਆਨ ਦਿੱਤਾ ਹੈ। ਆਨਲਾਈਨ ਟਰੋਲਿੰਗ ਅਤੇ ਆਲੋਚਨਾ ਦਾ ਸਾਹਮਣਾ ਕਰ ਰਹੇ ਦੋਸਾਂਝ ਨੇ ਸਟੇਜ ਤੋਂ ਸਪੱਸ਼ਟ ਕੀਤਾ ਕਿ ਪੰਜਾਬੀਆਂ ਦੇ ਸੰਘਰਸ਼ਾਂ ਅਤੇ ਉਨ੍ਹਾਂ ਨਾਲ ਜੁੜੇ ਇਤਿਹਾਸਕ ਵਿਸ਼ਿਆਂ ਨੂੰ ਘੱਟ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ।
ਇਹ ਫ਼ਿਲਮ ਪੰਜਾਬ ਦੇ ਜਾਣੇ-ਪਛਾਣੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਵੱਡੇ ਸੰਘਰਸ਼ 'ਤੇ ਆਧਾਰਿਤ ਹੈ। ਖਾਲੜਾ ਨੇ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਦੇ ਨਾਂ 'ਤੇ ਹੋਏ ਗੈਰ-ਕਾਨੂੰਨੀ ਕਤਲਾਂ ਅਤੇ ਲਾਵਾਰਿਸ ਕਰਕੇ ਸਸਕਾਰ ਕੀਤੇ ਗਏ ਹਜ਼ਾਰਾਂ ਲੋਕਾਂ ਦੇ ਮਾਮਲਿਆਂ ਨੂੰ ਉਜਾਗਰ ਕੀਤਾ ਸੀ। ਬਾਅਦ ਵਿੱਚ 1995 ਵਿੱਚ ਉਨ੍ਹਾਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਹਰੀਕੇ ਪੱਤਣ ਨੇੜੇ ਸਤਲੁਜ ਦਰਿਆ ਤੋਂ ਬਰਾਮਦ ਹੋਈ ਸੀ।
ਨਫ਼ਰਤ ਅਤੇ ਟਰੋਲਿੰਗ ਦਾ ਜਵਾਬ ਪਿਆਰ ਨਾਲ ਦਿੰਦਿਆਂ ਦਿਲਜੀਤ ਦੋਸਾਂਝ ਨੇ ਕਿਹਾ, "ਮੈਂ ਇੱਕ ਕਲਾਕਾਰ ਹਾਂ ਅਤੇ ਸਾਰਿਆਂ ਨਾਲ ਪਿਆਰ ਕਰਦਾ ਹਾਂ। ਜੇਕਰ ਮੈਂ ਚੁੱਪ ਹਾਂ ਤਾਂ ਮੈਨੂੰ ਚੁੱਪ ਹੀ ਰਹਿਣ ਦਿਓ। ਮੈਂ ਸਾਰਿਆਂ ਦਾ ਸਮਰਥਨ ਕਰਦਾ ਹਾਂ, ਪਰ ਪੰਜਾਬੀਆਂ ਨੂੰ ਲੜਨਾ ਨਾ ਸਿਖਾਓ।"
ਉਨ੍ਹਾਂ ਨੇ ਫ਼ਿਲਮ ਦੇ ਵਿਰੋਧ 'ਤੇ ਬੋਲਦਿਆਂ ਅੱਗੇ ਕਿਹਾ, "ਜਿਸ ਫ਼ਿਲਮ ਦਾ ਸਟੇਜਾਂ 'ਤੇ ਮਜ਼ਾਕ ਉਡਾਇਆ ਜਾ ਰਹਾ ਹੈ, ਉਹ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਹੈ ਅਤੇ ਇਸ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਅਸੀਂ ਇੱਕ ਲੰਬੀ ਕਾਨੂੰਨੀ ਅਤੇ ਸਮਾਜਿਕ ਲੜਾਈ ਲੜੀ ਹੈ। ਭਾਵੇਂ ਕੋਈ ਸਾਡੇ ਨਾਲ ਨਫ਼ਰਤ ਕਰੇ, ਪਰ ਸਾਡੇ ਦਿਲ ਵਿੱਚ ਸਾਰਿਆਂ ਲਈ ਪਿਆਰ ਹੀ ਰਹੇਗਾ।"
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ 3 ਜੁਲਾਈ ਨੂੰ ਓ.ਟੀ.ਟੀ. ਪਲੇਟਫਾਰਮ ZEE5 'ਤੇ ਰਿਲੀਜ਼ ਕੀਤਾ ਗਿਆ ਸੀ। ਹਾਲਾਂਕਿ, ਵਿਵਾਦ ਵਧਣ ਤੋਂ ਬਾਅਦ ਮਾਤਰ ਦੋ ਦਿਨਾਂ ਦੇ ਅੰਦਰ ਹੀ ਇਸ ਨੂੰ ਪਲੇਟਫਾਰਮ ਤੋਂ ਹਟਾ ਲਿਆ ਗਿਆ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਕਾਫ਼ੀ ਚਰਚਾ ਅਤੇ ਬਹਿਸ ਛਿੜ ਗਈ ਸੀ।
ਇਸ ਵਿਵਾਦ ਦੇ ਨਾਲ-ਨਾਲ ਦਿਲਜੀਤ ਦੋਸਾਂਝ ਦੇ ਮਿਊਜ਼ਿਕ ਟੂਰ ਨੇ ਰਾਜਧਾਨੀ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਖਚਾਖਚ ਭਰੇ ਸਟੇਡੀਅਮ ਨਾਲ ਸ਼ੁਰੂ ਹੋਇਆ 'ਰੂਪੇ ਔਰਾ ਇੰਡੀਆ ਟੂਰ 2026' ਬੁੱਕਮਾਈਸ਼ੋਅ ਲਾਈਵ (BookMyShow Live) ਅਤੇ ਲਾਈਵ ਨੇਸ਼ਨ (Live Nation) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੱਡੀ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਹੁਣ ਇਹ ਸ਼ੋਅ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰੇਗਾ।
Get all latest content delivered to your email a few times a month.