ਤਾਜਾ ਖਬਰਾਂ
ਗੁਰਦਾਸਪੁਰ-ਕਲਾਨੌਰ ਮੁੱਖ ਮਾਰਗ ’ਤੇ ਸਥਿਤ ਡੀ-ਮਾਰਟ ਦੇ ਸਾਹਮਣੇ ਦੇਸ਼ ਦੀ ਸ਼ਾਨ ਰਾਸ਼ਟਰੀ ਝੰਡੇ (ਤਿਰੰਗੇ) ਦੀ ਬੇਅਦਬੀ ਦਾ ਇੱਕ ਬਹਤ ਹੀ ਦੁਖਦਾਈ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਵਿੱਚੋਂ ਵੱਡੀ ਗਿਣਤੀ ਵਿੱਚ ਤਿਰੰਗੇ ਰੁਲਦੇ ਹੋਏ ਮਿਲੇ, ਜਿਸ ਤੋਂ ਬਾਅਦ ਸ਼ਹਿਰ ਦੇ ਸਮਾਜ ਸੇਵਕਾਂ ਅਤੇ ਸਥਾਨਕ ਨਿਵਾਸੀਆਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਰਿੱਕੀ ਮਹੰਤ, ਵਰੁਣ ਮਿੱਟੂ, ਰਾਜੂ ਮਹਾਜਨ, ਪ੍ਰਵੀਨ ਕੁਮਾਰ ਅਤੇ ਸ਼ਿਵ ਦੁੱਗਲ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਕੂੜੇ ਵਿੱਚੋਂ ਸਾਰੇ ਰਾਸ਼ਟਰੀ ਝੰਡਿਆਂ ਨੂੰ ਚੁੱਕਿਆ, ਉਨ੍ਹਾਂ ਨੂੰ ਤਹਿ ਕਰਕੇ ਸੁਰੱਖਿਅਤ ਸਥਾਨ 'ਤੇ ਰੱਖਿਆ।
ਮੀਡੀਆ ਅਤੇ ਪੁਲਿਸ ਨਾਲ ਗੱਲਬਾਤ ਕਰਦਿਆਂ ਸਮਾਜ ਸੇਵਕਾਂ ਨੇ ਕਿਹਾ ਕਿ ਜਿਸ ਤਿਰੰਗੇ ਦੀ ਸ਼ਾਨ ਲਈ ਸਾਡੇ ਸ਼ਹੀਦਾਂ ਅਤੇ ਸੈਨਿਕਾਂ ਨੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ, ਉਸ ਨੂੰ ਕੂੜੇ ਵਿੱਚ ਸੁੱਟਣਾ ਬਹੁਤ ਹੀ ਨਿੰਦਣਯੋਗ ਹੈ। ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ਹਿਰ ਦਾ ਅਮਨ-ਚੈਨ ਭੰਗ ਕਰਨ ਦੀ ਕੋਈ ਡੂੰਘੀ ਸਾਜ਼ਿਸ਼ ਹੋ ਸਕਦੀ ਹੈ। ਆਗੂਆਂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸਾਰੇ ਤਿਰੰਗੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਜਾਂ ਤਹਿਸੀਲਦਾਰ ਨੂੰ ਸੌਂਪੇ ਜਾਣਗੇ ਅਤੇ ਦੋਸ਼ੀਆਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਇਸ ਘਿਨਾਉਣੇ ਕਾਰੇ ਪਿੱਛੇ ਛੁਪੇ ਚਿਹਰਿਆਂ ਨੂੰ ਨੰਗਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੇ ਨਗਰ ਕੌਂਸਲ 'ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਡੀ-ਮਾਰਟ ਦੇ ਆਸ-ਪਾਸ ਸਟਰੀਟ ਲਾਈਟਾਂ ਨਾ ਹੋਣ ਕਾਰਨ ਰਾਤ ਵੇਲੇ ਇੱਥੇ ਘੁੱਪ ਹਨੇਰਾ ਰਹਿੰਦਾ ਹੈ, ਜਿਸ ਦਾ ਫਾਇਦਾ ਚੁੱਕ ਕੇ ਸਮਾਜ ਵਿਰੋਧੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
Get all latest content delivered to your email a few times a month.