ਤਾਜਾ ਖਬਰਾਂ
ਚੋਹਲਾ ਸਾਹਿਬ: ਇਲਾਕੇ ਵਿੱਚ ਫਿਰੌਤੀ ਦੀਆਂ ਵਾਰਦਾਤਾਂ ’ਤੇ ਕਾਬੂ ਪਾਉਣ ਲਈ ਚੌਕਸ ਹੋਈ ਪੁਲੀਸ ਦੀ ਪਿੰਡ ਧੁੰਨ ਵਿੱਚ ਦੋ ਨੌਜਵਾਨਾਂ ਨਾਲ ਮੁੱਠਭੇੜ ਹੋ ਗਈ। ਇਸ ਦੌਰਾਨ ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਮੋਟਰਸਾਈਕਲ ਚਾਲਕ ਦੀ ਲੱਤ ਵਿੱਚ ਗੋਲੀ ਲੱਗ ਗਈ, ਜਦਕਿ ਪੁਲੀਸ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੋਹਲਾ ਸਾਹਿਬ ਦੀ ਪੁਲੀਸ ਪਾਰਟੀ ਪਿੰਡ ਧੁੰਨ ਵਿਖੇ ਮੌਜੂਦ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੂੰ ਪੁਲੀਸ ਨੇ ਰੁਕਣ ਦਾ ਇਸ਼ਾਰਾ ਕੀਤਾ। ਦੋਸ਼ ਹੈ ਕਿ ਇਸ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਜਵਾਬ ਵਿੱਚ ਪੁਲੀਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਗੋਲੀ ਮੋਟਰਸਾਈਕਲ ਚਾਲਕ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਦੋਵੇਂ ਨੌਜਵਾਨ ਹੇਠਾਂ ਡਿੱਗ ਪਏ। ਪੁਲੀਸ ਨੇ ਮੌਕੇ ’ਤੇ ਹੀ ਦੋਵਾਂ ਨੂੰ ਕਾਬੂ ਕਰ ਲਿਆ।ਘਟਨਾ ਸਥਾਨ ’ਤੇ ਪਹੁੰਚੇ ਐੱਸਪੀ ਰਿਪੁਤਾਪਨ ਸਿੰਘ ਸੰਧੂ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਵਿਸ਼ਵਾਸ ਅਤੇ ਗੁਰਜਸ਼ਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਪਹਿਲਾਂ ਵੀ ਗੋਇੰਦਵਾਲ ਸਾਹਿਬ ਇਲਾਕੇ ਵਿੱਚ ਫਿਰੌਤੀ ਨਾਲ ਸਬੰਧਤ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਪੁਲੀਸ ਨੂੰ ਇਨ੍ਹਾਂ ਦੀ ਭਾਲ ਸੀ।ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ, ਮੈਗਜ਼ੀਨ ਅਤੇ ਚੱਲਿਆ ਹੋਇਆ ਕਾਰਤੂਸ ਬਰਾਮਦ ਕੀਤਾ ਗਿਆ ਹੈ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭੇਜਣ ਮਗਰੋਂ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਐੱਸਪੀ ਨੇ ਦੱਸਿਆ ਕਿ ਮਾਮਲੇ ਸਬੰਧੀ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਇਲਾਕੇ ਵਿੱਚ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਤਾਂ ਨਹੀਂ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਹੋਰ ਅਪਰਾਧਿਕ ਗਤੀਵਿਧੀਆਂ ਅਤੇ ਸੰਭਾਵੀ ਸਾਥੀਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.