IMG-LOGO
ਹੋਮ ਪੰਜਾਬ: ਮੋਗਾ 'ਚ ਖੂਨੀ ਵਾਰਦਾਤ: ਸਕਾਰਪੀਓ ਸਵਾਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ;...

ਮੋਗਾ 'ਚ ਖੂਨੀ ਵਾਰਦਾਤ: ਸਕਾਰਪੀਓ ਸਵਾਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ; ਇੱਕੋ ਪਰਿਵਾਰ ਦੇ 2 ਜੀਅ ਹਲਾਕ, 3 ਗੰਭੀਰ

Admin User - Oct 26, 2026 01:01 PM
IMG

ਐਤਵਾਰ ਦੇਰ ਰਾਤ ਮੋਗਾ ਦੇ ਅੰਗਦਪੁਰਾ ਮੁਹੱਲੇ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਦੁਕਾਨ ਦੇ ਬਾਹਰ ਬੈਠੇ ਨੌਜਵਾਨਾਂ 'ਤੇ ਕਾਲੇ ਰੰਗ ਦੀ ਸਕਾਰਪੀਓ ਗੱਡੀ 'ਚ ਆਏ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਇਸ ਅਚਾਨਕ ਹੋਏ ਖੂਨੀ ਹਮਲੇ 'ਚ 5 ਨੌਜਵਾਨ ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਇਲਾਜ ਦੌਰਾਨ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਮ੍ਰਿਤਕਾਂ ਦੀ ਪਛਾਣ ਗਗਨ ਜਿੰਦਲ (30) ਅਤੇ ਸਾਹਿਲ ਜਿੰਦਲ (40) ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ, ਜਦੋਂ 4-5 ਨੌਜਵਾਨ ਦੁਕਾਨ ਦੇ ਬਾਹਰ ਬੈਠੇ ਗੱਲਬਾਤ ਕਰ ਰਹੇ ਸਨ, ਤਾਂ ਅਚਾਨਕ ਆਈ ਸਕਾਰਪੀਓ ਵਿੱਚੋਂ ਅਣਪਛਾਤੇ ਅਪਰਾਧੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਇੰਨੀ ਭਿਆਨਕ ਸੀ ਕਿ ਇੱਕ ਨੌਜਵਾਨ ਦੇ ਸਿਰ, ਦੋ ਦੇ ਪੇਟ ਅਤੇ ਇੱਕ ਦੇ ਬਾਂਹ ਵਿੱਚ ਗੋਲੀ ਲੱਗੀ, ਜਦਕਿ ਇੱਕ ਹੋਰ ਨੌਜਵਾਨ ਛਰ੍ਹੇ ਲੱਗਣ ਕਾਰਨ ਜ਼ਖ਼ਮੀ ਹੋਇਆ। ਸ਼ੁਰੂਆਤੀ ਜਾਂਚ ਵਿੱਚ ਇਸ ਵਾਰਦਾਤ ਪਿੱਛੇ ਦੋਵਾਂ ਧਿਰਾਂ ਵਿਚਾਲੇ ਚੱਲ ਰਹੀ ਪੁਰਾਣੀ ਖੁੰਦਕ ਨੂੰ ਵਜ੍ਹਾ ਮੰਨਿਆ ਜਾ ਰਿਹਾ ਹੈ।


ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ 'ਚ ਭਾਜੜ ਪੈ ਗਈ। ਮੋਗਾ ਦੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਸਮੇਤ ਉੱਚ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ। ਐੱਸ.ਐੱਸ.ਪੀ. ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਮੌਕੇ ਤੋਂ ਅਹਿਮ ਸਬੂਤ ਇਕੱਠੇ ਕਰ ਲਏ ਹਨ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਸ਼ੱਕੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


ਇਸ ਘਟਨਾ ਤੋਂ ਬਾਅਦ ਸੂਬੇ ਦੀ ਰਾਜਨੀਤੀ ਵੀ ਗਰਮਾ ਗਈ ਹੈ ਅਤੇ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ:


ਸ਼੍ਰੋਮਣੀ ਅਕਾਲੀ ਦਲ (ਸੁਖਬੀਰ ਸਿੰਘ ਬਾਦਲ): ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਡਹਿ ਢੇਰੀ ਹੋ ਚੁੱਕੀ ਹੈ ਅਤੇ ਅਪਰਾਧੀਆਂ ਦੇ ਮਨਾਂ 'ਚੋਂ ਪੁਲਿਸ ਦਾ ਖੌਫ਼ ਖ਼ਤਮ ਹੋ ਗਿਆ ਹੈ।


ਕਾਂਗਰਸ (ਸਚਿਨ ਪਾਇਲਟ): ਸੀਨੀਅਰ ਕਾਂਗਰਸੀ ਆਗੂ ਨੇ ਸੋਸ਼ਲ ਮੀਡੀਆ 'ਤੇ ਚਿੰਤਾ ਪ੍ਰਗਟਾਉਂਦਿਆਂ ਲਿਖਿਆ ਕਿ ਮੋਗਾ ਦੀ ਇਹ ਗੋਲੀਬਾਰੀ ਪੰਜਾਬ 'ਚ ਜਨਤਕ ਸੁਰੱਖਿਆ ਅਤੇ ਪ੍ਰਸ਼ਾਸਨ ਦੇ ਡੂੰਘੇ ਹੁੰਦੇ ਜਾ ਰਹੇ ਸੰਕਟ ਦਾ ਪ੍ਰਤੱਖ ਪ੍ਰਮਾਣ ਹੈ।


ਬਿਕਰਮ ਸਿੰਘ ਮਜੀਠੀਆ: ਅਕਾਲੀ ਆਗੂ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਗੁਰੂ-ਦੋਖੀ ਭਗਵੰਤ ਮਾਨ, ਇੱਕ ਦਿਨ ਤਾਂ ਗਿਣਵਾ ਦੇ ਜਦੋਂ ਪੰਜਾਬ 'ਚ ਗੋਲੀਆਂ ਨਾ ਚੱਲੀਆਂ ਹੋਣ! ਗਲੀ-ਗਲੀ ਗੈਂਗਸਟਰ ਪੈਦਾ ਕਰ ਦਿੱਤੇ ਹਨ। ਕੀ ਇਹੋ ਜਿਹੇ 'ਰੰਗਲੇ ਪੰਜਾਬ' ਦਾ ਸਪਨਾ ਪੰਜਾਬੀਆਂ ਨੂੰ ਦਿਖਾਇਆ ਸੀ? ਅੱਜ ਪੰਜਾਬ ਵਿੱਚ ਕਾਨੂੰਨ ਦਾ ਰਾਜ ਕਿੱਥੇ ਹੈ?"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.