ਤਾਜਾ ਖਬਰਾਂ
ਚੰਡੀਗੜ੍ਹ 25 ਅਕਤੂਬਰ-
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵੱਲੋਂ ਦਿੱਤੇ ਬਿਆਨ "ਦੂਜੀਆਂ ਪਾਰਟੀਆਂ ਦੇ ਆਗੂ ਸਾਡੇ ਸੰਪਰਕ ਵਿੱਚ ਹਨ" 'ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਆਪਣੀ ਖੋ ਚੁੱਕੀ ਸਿਆਸੀ ਹੋਂਦ ਬਚਾਉਣ ਲਈ ਛਟਪਟਾ ਰਹੇ ਅਕਾਲੀ ਆਗੂ ਹੁਣ ਕੋਰੇ ਝੂਠ ਅਤੇ ਹਾਸੋਹੀਣੇ ਦਾਅਵਿਆਂ ਦਾ ਸਹਾਰਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਕੇ ਹਾਸ਼ੀਏ 'ਤੇ ਧੱਕ ਦਿੱਤਾ ਹੈ, ਉਸ ਦੇ ਆਗੂਆਂ ਵੱਲੋਂ ਅਜਿਹੇ ਫੋਕੇ ਬਿਆਨ ਦੇਣਾ ਉਨ੍ਹਾਂ ਦੀ ਨਿਰਾਸ਼ਾ ਅਤੇ ਬੌਖਲਾਹਟ ਨੂੰ ਸਾਫ਼ ਦਰਸਾਉਂਦਾ ਹੈ।
ਬਲਤੇਜ ਪੰਨੂ ਨੇ ਭੂੰਦੜ ਦੇ ਇਸ ਬਿਆਨ 'ਤੇ ਤੰਜ ਕੱਸਦਿਆਂ 'X' 'ਤੇ ਲਿਖਿਆ "'ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਦੇ ਬੰਦੇ ਸਾਡੇ ਸੰਪਰਕ ਵਿਚ ਹਨ! ਭੂੰਦੜ ਸਾਹਿਬ ਤੁਹਾਡੇ ਆਪਣੇ ਬੰਦੇ ਤਾਂ ਤੁਹਾਡੇ ਸੰਪਰਕ ਵਿਚ ਰਹੇ ਨਹੀਂ, ਹੁੰਦੇ ਤਾਂ ਤਿੰਨ ਨਵੇਂ ਅਕਾਲੀ ਦਲ ਨਾ ਬਣਦੇ! ਅਕਾਲੀ ਦਲ ਬਾਦਲ ਬੀਤੇ ਸਮੇਂ ਦੀ ਗੱਲ ਹੋ ਗਿਆ ਹੈ “ਨਾ ਡਾਇਨਾਸੋਰ ਪਰਤਣਗੇ ਨਾ ਤੁਸੀਂ”।
ਪੰਨੂ ਨੇ ਅੱਗੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਅਤੇ ਕੁਰਸੀ ਲਈ ਪੰਜਾਬ ਦੇ ਸਰਮਾਏ, ਜਵਾਨੀ ਅਤੇ ਭਾਈਚਾਰਕ ਸਾਂਝ ਦਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਦੇ ਗਲਤ ਫੈਸਲਿਆਂ ਅਤੇ ਪੰਥਕ ਰਾਜਨੀਤੀ ਤੋਂ ਮੁੱਖ ਮੋੜਨ ਕਰਕੇ ਹੀ ਅੱਜ ਅਕਾਲੀ ਦਲ ਵਿੱਚੋਂ ਉਨ੍ਹਾਂ ਦੇ ਆਪਣੇ ਪੁਰਾਣੇ ਟਕਸਾਲੀ ਅਤੇ ਸੀਨੀਅਰ ਸਾਥੀ ਵੀ ਬਾਗੀ ਹੋ ਕੇ ਕਿਨਾਰਾ ਕਰ ਚੁੱਕੇ ਹਨ। ਅੱਜ ਅਕਾਲੀ ਦਲ ਅੰਦਰੂਨੀ ਬਗਾਵਤ ਅਤੇ ਧੜੇਬੰਦੀ ਦਾ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਬਿਖਰ ਚੁੱਕਾ ਹੈ, ਜਿਸ ਕਾਰਨ ਇਨ੍ਹਾਂ ਕੋਲ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਝੂਠੇ ਬਿਆਨਾਂ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੀ ਜਨਤਾ ਹੁਣ ਬਹੁਤ ਸਮਝਦਾਰ ਹੈ ਅਤੇ ਉਹ ਅਕਾਲੀ ਦਲ ਦੇ ਕਿਸੇ ਝੂਠੇ ਦਾਅਵਿਆਂ ਵਿੱਚ ਦੁਬਾਰਾ ਆਉਣ ਵਾਲੀ ਨਹੀਂ। ਮੁੱਖ ਮੰਤਰੀ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਲੋਕ ਹਿੱਤਾਂ ਲਈ ਦਿਨ-ਰਾਤ ਸਮਰਪਿਤ ਹੋ ਕੇ ਕੰਮ ਕਰ ਰਹੀ ਹੈ, ਜਦਕਿ ਵਿਰੋਧੀ ਧਿਰਾਂ ਕੋਲ ਕੋਈ ਠੋਸ ਮੁੱਦਾ ਨਹੀਂ ਰਹਿ ਗਿਆ। ਅਕਾਲੀ ਆਗੂ ਦੂਜੀਆਂ ਪਾਰਟੀਆਂ ਦੇ ਬੰਦੇ ਸੰਪਰਕ ਵਿੱਚ ਹੋਣ ਦੇ ਦਾਅਵੇ ਕਰਨ ਦੀ ਬਜਾਏ ਆਪਣੀ ਢਹਿ-ਢੇਰੀ ਹੋ ਰਹੀ ਪਾਰਟੀ ਨੂੰ ਸੰਭਾਲਣ ਦਾ ਫਿਕਰ ਕਰਨ।
Get all latest content delivered to your email a few times a month.