IMG-LOGO
ਹੋਮ ਪੰਜਾਬ: ਲੁਧਿਆਣਾ 'ਚ ਧੋਖੇ ਨਾਲ ਵਿਆਹ ਤੇ ਧਰਮ ਪਰਿਵਰਤਨ ਦਾ ਗੰਭੀਰ...

ਲੁਧਿਆਣਾ 'ਚ ਧੋਖੇ ਨਾਲ ਵਿਆਹ ਤੇ ਧਰਮ ਪਰਿਵਰਤਨ ਦਾ ਗੰਭੀਰ ਮਾਮਲਾ: ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਪਰਚਾ ਦਰਜ

Admin User - Oct 25, 2026 01:28 PM
IMG

ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਇੱਕ ਲੜਕੀ ਨੂੰ ਧੋਖੇ ਵਿੱਚ ਰੱਖ ਕੇ ਵਿਆਹ ਕਰਵਾਉਣ, ਜ਼ਬਰਦਸਤੀ ਧਰਮ ਪਰਿਵਰਤਨ ਦਾ ਦਬਾਅ ਪਾਉਣ ਅਤੇ ਦਾਜ ਦੀ ਮੰਗ ਨੂੰ ਲੈ ਕੇ ਮਾਰਕੁੱਟ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਿਤਾ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਥਾਣਾ ਹੈਬੋਵਾਲ ਪੁਲਿਸ ਨੇ ਪਤੀ ਅਤੇ ਉਸ ਦੇ ਪਰਿਵਾਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।


ਮਿਲੀ ਜਾਣਕਾਰੀ ਮੁਤਾਬਕ ਪੀੜਤਾ ਅਤੇ ਮੁਲਜ਼ਮ ਕਰਨਵੀਰ ਦੋਵੇਂ ਬਾਈਕਰ ਹਨ। ਇੱਕ ਬਾਈਕ ਰਾਈਡਿੰਗ ਈਵੈਂਟ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ ਸੀ, ਜੋ ਹੌਲੀ-ਹੌਲੀ ਦੋਸਤੀ ਵਿੱਚ ਬਦਲ ਗਈ। ਲੜਕੀ ਸ਼ਹਿਰ ਦੇ ਇੱਕ ਐਪਲ ਸਟੋਰ 'ਚ ਨੌਕਰੀ ਕਰਦੀ ਸੀ। ਕਰਨਵੀਰ ਅਕਸਰ ਸਟੋਰ 'ਚ ਆਉਂਦਾ-ਜਾਂਦਾ ਰਹਿੰਦਾ ਸੀ ਅਤੇ ਇਸੇ ਦੌਰਾਨ ਉਸ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।


ਪੀੜਤਾ ਦੇ ਪਿਤਾ ਵਿਪਨ ਕੁਮਾਰ ਵਰਮਾ ਅਨੁਸਾਰ, ਕਰਨਵੀਰ ਨੇ ਆਪਣਾ ਪੂਰਾ ਨਾਂ 'ਕਰਨਵੀਰ ਸਿੰਘ ਸਿੱਧੂ' ਦੱਸਦਿਆਂ ਆਪਣੇ ਆਪ ਨੂੰ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਦੱਸਿਆ ਸੀ। ਪਰਿਵਾਰ ਨੇ ਧੀ ਦੀ ਖ਼ੁਸ਼ੀ ਅਤੇ ਮੁੰਡੇ ਬਾਰੇ ਪੜਤਾਲ ਕਰਨ ਤੋਂ ਬਾਅਦ ਰਿਸ਼ਤਾ ਪੱਕਾ ਕਰ ਦਿੱਤਾ।


ਲੰਘੀ 2 ਸਤੰਬਰ 2026 ਨੂੰ ਲੁਧਿਆਣਾ ਦੇ ਸੰਤ ਵਿਹਾਰ ਸਥਿਤ ਸ਼ਨੀ ਸ਼ਿਵ ਮੰਦਰ ਵਿੱਚ ਹਿੰਦੂ ਰੀਤੀ-ਰਿਵਾਜਾਂ ਨਾਲ ਦੋਵਾਂ ਦਾ ਵਿਆਹ ਸੰਪੰਨ ਹੋਇਆ। ਵਿਆਹ ਦੌਰਾਨ ਕਰਨਵੀਰ ਨੇ ਹਿੰਦੂ ਰਸਮਾਂ ਨਿਭਾਈਆਂ। ਲੜਕੀ 5 ਸਤੰਬਰ ਨੂੰ ਆਪਣੇ ਸਹੁਰੇ ਘਰ ਪਹੁੰਚੀ, ਤਾਂ ਉੱਥੋਂ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਈ। ਘਰ ਦੇ ਹੇਠਲੇ ਹਿੱਸੇ 'ਚ ਇੱਕ ਵੱਡਾ ਹਾਲ ਸੀ, ਜਿਸ ਨੂੰ ਚਰਚ ਦਾ ਰੂਪ ਦਿੱਤਾ ਗਿਆ ਸੀ। ਉਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਮੁਲਜ਼ਮ ਪਰਿਵਾਰ ਪਹਿਲਾਂ ਹੀ ਇਸਾਈ ਧਰਮ ਅਪਣਾ ਚੁੱਕਾ ਹੈ। ਸਹੁਰੇ ਨੇ ਵਿਆਹ ਮੰਨਣ ਤੋਂ ਇਨਕਾਰ ਕਰਦਿਆਂ ਸ਼ਰਤ ਰੱਖੀ ਕਿ ਲੜਕੀ ਨੂੰ ਪਹਿਲਾਂ ਇਸਾਈ ਧਰਮ ਅਪਣਾਉਣਾ ਪਵੇਗਾ।


ਪੀੜਤ ਪੱਖ ਨੇ ਦੋਸ਼ ਲਾਇਆ ਹੈ ਕਿ ਲੜਕੀ ਨੂੰ ਘਰ ਦੀ ਤੀਜੀ ਮੰਜ਼ਿਲ 'ਤੇ ਬਣੇ ਸਵਿਮਿੰਗ ਪੂਲ ਕੋਲ ਲਿਜਾਇਆ ਗਿਆ ਅਤੇ ਪਾਣੀ 'ਚ ਡੁਬਕੀਆਂ ਲਗਵਾ ਕੇ ਧਰਮ ਪਰਿਵਰਤਨ ਕਰਵਾਇਆ ਗਿਆ। ਇਸ ਦੌਰਾਨ ਛੇੜਛਾੜ ਕਰਨ, ਵੀਡੀਓ ਬਣਾਉਣ ਅਤੇ ਹਿੰਦੂ ਦੇਵੀ-ਦੇਵਤਿਆਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਕਰਨ ਦੇ ਵੀ ਗੰਭੀਰ ਦੋਸ਼ ਲਾਏ ਗਏ ਹਨ।


ਇਸ ਤੋਂ ਇਲਾਵਾ, ਜਦੋਂ ਲੜਕੀ ਕਮਰੇ 'ਚ ਗਈ ਤਾਂ ਪਤੀ ਦੀ ਛਾਤੀ 'ਤੇ ਉਸ ਦੀ ਪੁਰਾਣੀ ਪ੍ਰੇਮਿਕਾ ਦੇ ਨਾਂ 'ਨੰਨੂ' ਦਾ ਟੈਟੂ ਬਣਿਆ ਹੋਇਆ ਸੀ, ਜਿਸ ਬਾਰੇ ਉਸ ਨੂੰ ਬਾਅਦ 'ਚ ਪਤਾ ਲੱਗਾ।


ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਨੇ ਆਪਣੇ ਪੁੱਤਰ ਨੂੰ ਬੇਦਖ਼ਲ ਕਰਨ ਦਾ ਨਾਟਕ ਕਰ ਕੇ ਜੋੜੇ ਨੂੰ ਸਿਰਫ਼ ਇੱਕ ਕਮਰਾ ਦਿੱਤਾ। ਇਸ ਤੋਂ ਬਾਅਦ 10 ਲੱਖ ਰੁਪਏ ਦੀ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਲੜਕੀ ਨੂੰ ਘਰੋਂ ਕੱਢ ਦਿੱਤਾ ਗਿਆ। ਪੀੜਤਾ ਨੇ ਮਜਬੂਰੀ 'ਚ ਹੈਬੋਵਾਲ ਦੇ ਜੋਗਿੰਦਰ ਨਗਰ 'ਚ ਕਿਰਾਏ 'ਤੇ ਮਕਾਨ ਲਿਆ, ਜਿੱਥੇ ਵੀ ਪਤੀ ਅਕਸਰ ਆ ਕੇ ਉਸ ਨਾਲ ਮਾਰਕੁੱਟ ਕਰਦਾ ਸੀ।


ਥਾਣਾ ਹੈਬੋਵਾਲ ਦੇ ਐਸ.ਐਚ.ਓ. (SHO) ਜਸਵੀਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਅਤੇ ਮਾਮਲੇ ਨਾਲ ਸਬੰਧਤ ਇੱਕ ਵੀਡੀਓ ਦੇ ਆਧਾਰ 'ਤੇ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.