ਤਾਜਾ ਖਬਰਾਂ
ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਚੁੱਕਾ ਹੈ ਅਤੇ ਸੂਬੇ ਵਿੱਚ ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਮੁਤਾਬਕ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਗਰਜ-ਚਮਕ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਤਬਦੀਲੀ ਨਾਲ ਦਿਨ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ, ਜਿਸ ਨਾਲ ਠੰਡ ਦਾ ਅਸਰ ਵਧੇਗਾ।
ਬੀਤੇ ਦਿਨ ਪੰਜਾਬ ਭਰ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਿਹਾ ਅਤੇ ਸਵੇਰੇ 8:30 ਵਜੇ ਤੱਕ ਕਿਸੇ ਵੀ ਮੌਸਮ ਸਟੇਸ਼ਨ 'ਤੇ ਮੀਂਹ ਦਰਜ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ ਦਿਨ ਦੇ ਮੁਕਾਬਲੇ 0.7 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖੀ ਗਈ। ਇਸ ਦੇ ਬਾਵਜੂਦ ਫਰੀਦਕੋਟ 35.2 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਪਠਾਨਕੋਟ ਵਿੱਚ ਸਭ ਤੋਂ ਘੱਟ 13.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਬਠਿੰਡਾ ਵਿੱਚ ਪਾਰਾ 33.4 ਡਿਗਰੀ, ਪਟਿਆਲਾ ਵਿੱਚ 31.0 ਡਿਗਰੀ, ਲੁਧਿਆਣਾ ਅਤੇ ਮੋਹਾਲੀ ਵਿੱਚ 30.6 ਡਿਗਰੀ, ਅੰਮ੍ਰਿਤਸਰ ਵਿੱਚ 30.0 ਡਿਗਰੀ, ਪਠਾਨਕੋਟ ਵਿੱਚ 29.4 ਡਿਗਰੀ ਅਤੇ ਫਿਰੋਜ਼ਪੁਰ ਵਿੱਚ 29.1 ਡਿਗਰੀ ਸੈਲਸੀਅਸ ਰਿਹਾ।
ਦੂਜੇ ਪਾਸੇ, ਰਾਤ ਦੇ ਔਸਤ ਘੱਟੋ-ਘੱਟ ਤਾਪਮਾਨ ਵਿੱਚ 0.1 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.6 ਡਿਗਰੀ ਵੱਧ ਹੈ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 14.8 ਡਿਗਰੀ, ਮੋਹਾਲੀ ਵਿੱਚ 16.7 ਡਿਗਰੀ, ਲੁਧਿਆਣਾ ਵਿੱਚ 16.8 ਡਿਗਰੀ ਅਤੇ ਪਟਿਆਲਾ ਵਿੱਚ 17.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅਨੁਸਾਰ 26 ਅਤੇ 27 ਅਕਤੂਬਰ ਨੂੰ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ, ਜਦਕਿ 28 ਅਤੇ 29 ਅਕਤੂਬਰ ਨੂੰ ਵੱਖ-ਵੱਖ ਥਾਵਾਂ 'ਤੇ ਮੁੜ ਬਾਰਿਸ਼ ਹੋ ਸਕਦੀ ਹੈ। ਦਿਨ ਵੇਲੇ ਹਲਕੀ ਗਰਮੀ ਦੇ ਬਾਵਜੂਦ ਹੁਣ ਸਵੇਰੇ ਅਤੇ ਸ਼ਾਮ ਦੇ ਸਮੇਂ ਠੰਡ ਦਾ ਅਹਿਸਾਸ ਵਧਣ ਲੱਗਾ ਹੈ। ਦੋਪਹੀਆ ਵਾਹਨ ਚਾਲਕਾਂ ਨੇ ਸਵੇਰੇ-ਸ਼ਾਮ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਤੋਂ ਬਾਅਦ ਤਾਪਮਾਨ ਹੋਰ ਡਿੱਗਣ ਨਾਲ ਸਰਦੀਆਂ ਦਾ ਪੂਰਨ ਆਗਮਨ ਹੋ ਜਾਵੇਗਾ।
Get all latest content delivered to your email a few times a month.