ਤਾਜਾ ਖਬਰਾਂ
ਤਿੱਬਤ ਖੇਤਰ ਵਿੱਚ ਇੱਕ ਵਾਰ ਫਿਰ ਧਰਤੀ ਦੇ ਹਿੱਲਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਬੀਤੀ ਅੱਧੀ ਰਾਤ 1 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦੇ ਦਰਮਿਆਨ ਤਿੱਬਤ ਵਿੱਚ ਤਿੰਨ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਖਟਰ ਪੈਮਾਨੇ 'ਤੇ ਇਹਨਾਂ ਦੀ ਤੀਬਰਤਾ ਕ੍ਰਮਵਾਰ 4.0, 4.6 ਅਤੇ 4.5 ਮਾਪੀ ਗਈ ਹੈ।
ਸੀਸਮੋਲੋਜੀ ਕੇਂਦਰ ਦੀ ਰਿਪੋਰਟ ਅਨੁਸਾਰ:
ਪਹਿਲਾ ਝਟਕਾ: ਰਾਤ 1:08 ਵਜੇ 4.0 ਤੀਬਰਤਾ ਦਾ ਦਰਜ ਹੋਇਆ, ਜਿਸ ਦੀ ਡੂੰਘਾਈ ਜ਼ਮੀਨ ਤੋਂ 15 ਕਿਲੋਮੀਟਰ ਹੇਠਾਂ ਸੀ।
ਦੂਜਾ ਝਟਕਾ: ਰਾਤ 2:07 ਵਜੇ ਆਇਆ, ਜੋ ਕਿ 4.6 ਤੀਬਰਤਾ ਦਾ ਸਭ ਤੋਂ ਤੇਜ਼ ਝਟਕਾ ਸੀ। ਇਸ ਦਾ ਕੇਂਦਰ 10 ਕਿਲੋਮੀਟਰ ਡੂੰਘਾਈ 'ਤੇ ਸੀ।
ਤੀਜਾ ਝਟਕਾ: ਸਵੇਰੇ 5:38 ਵਜੇ 4.5 ਤੀਬਰਤਾ ਦਾ ਰਿਕਾਰਡ ਕੀਤਾ ਗਿਆ, ਜਿਸ ਦੀ ਡੂੰਘਾਈ ਵੀ 10 ਕਿਲੋਮੀਟਰ ਹੀ ਸੀ।
ਇਸ ਤੋਂ ਇਲਾਵਾ, ਭਾਰਤੀ ਸਮੇਂ ਅਨੁਸਾਰ ਸਵੇਰੇ 4:09 ਵਜੇ ਚੀਨ ਦੇ ਇਲਾਕੇ (32.920° N, 93.761° E) ਵਿੱਚ ਵੀ 4.6 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ, ਜਿਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭਾਵੇਂ ਇਹਨਾਂ ਤਾਜ਼ਾ ਝਟਕਿਆਂ ਨਾਲ ਹਾਲ ਦੀ ਘੜੀ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਅੱਧੀ ਰਾਤ ਨੂੰ ਆਏ ਝਟਕਿਆਂ ਕਾਰਨ ਲੋਕ ਖੌਫ਼ਜ਼ਦਾ ਹੋ ਕੇ ਘਰਾਂ ਤੋਂ ਬਾਹਰ ਆ ਗਏ।
ਜ਼ਿਕਰਯੋਗ ਹੈ ਕਿ ਇਹ ਨਵੇਂ ਝਟਕੇ ਵੀਰਵਾਰ ਸ਼ਾਮ ਨੂੰ ਆਏ 7.0 ਤੀਬਰਤਾ ਦੇ ਭਿਆਨਕ ਭੂਚਾਲ ਤੋਂ ਬਾਅਦ ਦਰਜ ਕੀਤੇ ਗਏ ਹਨ। ਉਸ ਵਿਨਾਸ਼ਕਾਰੀ ਆਫ਼ਤ ਨੇ ਉੱਤਰੀ ਤਿੱਬਤ ਦੇ ਨਾਗਚੂ ਸ਼ਹਿਰ ਵਿੱਚ ਭਾਰੀ ਤਬਾਹੀ ਮਚਾਈ ਸੀ, ਜਿਸ ਵਿੱਚ ਘੱਟੋ-ਘੱਟ 16 ਲੋਕਾਂ ਦੀ ਜਾਨ ਚਲੀ ਗਈ ਅਤੇ 76 ਤੋਂ ਵੱਧ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਅਧਿਕਾਰਤ ਅੰਕੜਿਆਂ ਮੁਤਾਬਕ 339 ਰਿਹਾਇਸ਼ੀ ਮਕਾਨ ਅਤੇ 20 ਪਸ਼ੂਆਂ ਦੇ ਵਾੜੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਨਾਗਚੂ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਯੁੱਧ ਪੱਧਰ 'ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਮੌਕੇ 'ਤੇ 1,600 ਤੋਂ ਵੱਧ ਬਚਾਅ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੀੜਤਾਂ ਦੀ ਮਦਦ ਲਈ 3,000 ਦੇ ਲਗਭਗ ਟੈਂਟ, 1,000 ਅਸਥਾਈ ਰਿਹਾਇਸ਼ੀ ਯੂਨਿਟ, ਫੋਲਡਿੰਗ ਬਿਸਤਰੇ, ਟਾਰਚਾਂ ਅਤੇ ਸਰਦੀਆਂ ਦੇ ਗਰਮ ਕੱਪੜੇ ਸਮੇਤ ਹੋਰ ਜ਼ਰੂਰੀ ਸਮੱਗਰੀ ਪਹੁੰਚਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
Get all latest content delivered to your email a few times a month.