ਤਾਜਾ ਖਬਰਾਂ
ਚੰਡੀਗੜ੍ਹ ਵਿੱਚ ਇੱਕ ਬਿਲਡਰ ਨੂੰ ਫੋਨ ’ਤੇ ਧਮਕੀਆਂ ਦੇ ਕੇ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਸੈਕਟਰ-19 ਥਾਣੇ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਬਿਲਡਰ ਨੂੰ ਕਥਿਤ ਤੌਰ ’ਤੇ ਫੋਨ ਕਾਲਾਂ ਰਾਹੀਂ ਗਾਲ੍ਹਾਂ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਤਕਨੀਕੀ ਜਾਣਕਾਰੀ ਅਤੇ ਮੋਬਾਈਲ ਨੰਬਰਾਂ ਦੀ ਪੜਤਾਲ ਕਰਦਿਆਂ ਪੰਜਾਬ ਦੇ ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਕਈ ਥਾਵਾਂ ’ਤੇ ਜਾਂਚ ਕੀਤੀ। ਇਸ ਕਾਰਵਾਈ ਦੇ ਤਹਿਤ 19 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ-18 ਵਿੱਚ ਹਾਕੀ ਸਟੇਡੀਅਮ ਦੇ ਨੇੜੇ ਕੱਚੀ ਪਾਰਕਿੰਗ ਤੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਰਨਦੀਪ ਸਿੰਘ (30) ਅਤੇ ਬੰਟੀ ਉਰਫ਼ ਬੰਟੀ ਅਟਵਾਲ ਉਰਫ਼ ਸਨੀ (20) ਵਜੋਂ ਹੋਈ ਹੈ। ਦੋਵੇਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੌਧਰੀਵਾਲਾ, ਨੌਸ਼ਹਿਰਾ ਪੰਨੂਆਂ ਦੇ ਰਹਿਣ ਵਾਲੇ ਹਨ।
ਪੁਲਿਸ ਜਾਂਚ ਮੁਤਾਬਕ ਅਰਨਦੀਪ ਸਿੰਘ ’ਤੇ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਸਿਮ ਕਾਰਡ ਤਿਆਰ ਕਰਵਾ ਕੇ ਆਪਣੇ ਸਾਥੀਆਂ ਨੂੰ ਦੇਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਬੰਟੀ ਦੇ ਗੈਂਗਸਟਰਾਂ ਨਾਲ ਸੰਪਰਕ ਅਤੇ ਸਨੈਪਚੈਟ ਸਮੇਤ ਹੋਰ ਡਿਜੀਟਲ ਪਲੇਟਫਾਰਮਾਂ ਰਾਹੀਂ ਗੱਲਬਾਤ ਕਰਨ ਦੇ ਤੱਥ ਵੀ ਸਾਹਮਣੇ ਆਏ ਹਨ।
ਜਾਂਚ ਵਿੱਚ ਬਿਲਡਰ ਨੂੰ ਧਮਕੀਆਂ ਦੇਣ ਅਤੇ ਉਸ ਤੋਂ ਫਿਰੌਤੀ ਵਸੂਲਣ ਦੀ ਕਥਿਤ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਬਿਲਡਰ ’ਤੇ ਗੋਲੀ ਚਲਾਉਣ ਦੀ ਯੋਜਨਾ ਅਤੇ ਹਥਿਆਰਾਂ ਦੀ ਸਪਲਾਈ ਸਬੰਧੀ ਜਾਣਕਾਰੀ ਵੀ ਮਿਲੀ ਹੈ। ਮੁਲਜ਼ਮ ਬੰਟੀ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਇੱਕ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਿਸ ਰਿਮਾਂਡ ਦੌਰਾਨ ਧਮਕੀ ਭਰੀਆਂ ਕਾਲਾਂ ਲਈ ਵਰਤੇ ਗਏ ਸਿਮ ਕਾਰਡ ਅਤੇ ਮੋਬਾਈਲ ਫੋਨ ਵੀ ਬਰਾਮਦ ਕਰ ਲਏ ਗਏ ਹਨ। ਪੁਲਿਸ ਹੁਣ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਨੂੰ ਅੱਗੇ ਵਧਾ ਰਹੀ ਹੈ।
ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਫਿਰੌਤੀ, ਅਪਰਾਧਿਕ ਧਮਕੀਆਂ ਅਤੇ ਸੰਗਠਿਤ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ।
Get all latest content delivered to your email a few times a month.