IMG-LOGO
ਹੋਮ ਪੰਜਾਬ: ਪਟਿਆਲਾ ’ਚ ਤਿਉਹਾਰਾਂ ਤੋਂ ਪਹਿਲਾਂ ਖੁਰਾਕ ਸੁਰੱਖਿਆ ਵਿਭਾਗ ਦੀ ਵੱਡੀ...

ਪਟਿਆਲਾ ’ਚ ਤਿਉਹਾਰਾਂ ਤੋਂ ਪਹਿਲਾਂ ਖੁਰਾਕ ਸੁਰੱਖਿਆ ਵਿਭਾਗ ਦੀ ਵੱਡੀ ਕਾਰਵਾਈ, ਗੰਦਗੀ ਮਿਲਣ ’ਤੇ ਮਿੱਤਲ ਪਤੀਸਾ ਹਾਊਸ ਦਾ ਲਾਇਸੈਂਸ ਮੁਅੱਤਲ

Admin User - Oct 22, 2026 06:20 PM
IMG

ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਖੁਰਾਕ ਸੁਰੱਖਿਆ ਵਿਭਾਗ, ਪਟਿਆਲਾ ਵੱਲੋਂ ਮਠਿਆਈਆਂ ਅਤੇ ਹੋਰ ਖੁਰਾਕੀ ਵਸਤਾਂ ਦੀ ਜਾਂਚ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਤਾਜਪੁਰਾ ਸਥਿਤ ਮਿੱਤਲ ਪਤੀਸਾ ਹਾਊਸ ਦੀ ਜਾਂਚ ਦੌਰਾਨ ਬੇਹੱਦ ਗੰਦਗੀ ਅਤੇ ਅਸਵੱਛ ਹਾਲਾਤ ਸਾਹਮਣੇ ਆਏ, ਜਿੱਥੇ ਪਤੀਸਾ ਅਤੇ ਫੈਣੀਆਂ ਤਿਆਰ ਕੀਤੀਆਂ ਜਾ ਰਹੀਆਂ ਸਨ। ਜਾਂਚ ਟੀਮ ਨੂੰ ਪਤੀਸੇ ਵਿੱਚ ਬੇਸਨ ਦੀ ਥਾਂ ਮੈਦਾ ਵਰਤੇ ਜਾਣ ਅਤੇ ਪੀਲਾ ਰੰਗ ਦੇਣ ਲਈ ਨਿੰਬੂ-ਪੀਲੇ ਰੰਗ ਦੀ ਵਰਤੋਂ ਕੀਤੇ ਜਾਣ ਦਾ ਸ਼ੱਕ ਵੀ ਹੋਇਆ। ਇਸ ਤੋਂ ਇਲਾਵਾ, ਮੌਕੇ ਤੋਂ ਲਗਭਗ 75 ਕਿਲੋਗ੍ਰਾਮ ਮਿਲਕ ਕੇਕ ਮਿਲਿਆ, ਜਿਸ ਦੇ ਸਪਲਾਇਰ ਬਾਰੇ ਕਾਰੋਬਾਰੀ ਜਾਂਚ ਦੌਰਾਨ ਜਾਣਕਾਰੀ ਨਹੀਂ ਦੇ ਸਕਿਆ।

ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਅਨੁਸਾਰ, ਸਫ਼ਾਈ ਦੇ ਮਾੜੇ ਪ੍ਰਬੰਧਾਂ ਨੂੰ ਦੇਖਦਿਆਂ ਕਾਨੂੰਨੀ ਪ੍ਰਕਿਰਿਆ ਤਹਿਤ ਮਿੱਤਲ ਪਤੀਸਾ ਹਾਊਸ ਦਾ ਲਾਇਸੈਂਸ ਮੁਅੱਤਲ ਕਰਕੇ ਅਗਲੇ ਹੁਕਮਾਂ ਤੱਕ ਕੰਮਕਾਜ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਵਿਭਾਗ ਵੱਲੋਂ ਸਤੰਬਰ ਤੋਂ 21 ਅਕਤੂਬਰ 2026 ਤੱਕ ਕੀਤੀ ਗਈ ਕਾਰਵਾਈ ਦੌਰਾਨ ਕੁੱਲ 96 ਖੁਰਾਕੀ ਨਮੂਨੇ ਇਕੱਠੇ ਕੀਤੇ ਗਏ। ਇਸ ਤੋਂ ਇਲਾਵਾ ਲਗਭਗ 18 ਕੁਇੰਟਲ ਪਨੀਰ ਅਤੇ 1,800 ਲੀਟਰ ਦੁੱਧ ਜ਼ਬਤ ਕੀਤਾ ਗਿਆ। 21 ਵੱਖ-ਵੱਖ ਹੈਲਥ ਸਪਲੀਮੈਂਟ ਉਤਪਾਦਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ, ਜਦਕਿ ਖੁਰਾਕ ਕਾਰੋਬਾਰੀਆਂ ਦੇ ਦੋ ਲਾਇਸੈਂਸ ਮੁਅੱਤਲ ਕਰਨ ਦੇ ਨਾਲ ਦੋ ਚਲਾਨ ਵੀ ਜਾਰੀ ਕੀਤੇ ਗਏ।

ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਵਿਭਾਗ ਖਪਤਕਾਰਾਂ ਦੀ ਸਿਹਤ ਦੀ ਸੁਰੱਖਿਆ ਲਈ ਲਗਾਤਾਰ ਜਾਂਚ ਅਤੇ ਨਮੂਨੇ ਲੈਣ ਦੀ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਖੁਰਾਕ ਕਾਰੋਬਾਰੀਆਂ ਨੂੰ ਸਫ਼ਾਈ ਬਰਕਰਾਰ ਰੱਖਣ, ਸਿਰਫ਼ ਮਨਜ਼ੂਰਸ਼ੁਦਾ ਸਮੱਗਰੀ ਅਤੇ ਰੰਗ ਵਰਤਣ ਅਤੇ ਖੁਰਾਕੀ ਵਸਤਾਂ ਦੇ ਸਰੋਤ ਦਾ ਸਹੀ ਰਿਕਾਰਡ ਰੱਖਣ ਦੀ ਅਪੀਲ ਕੀਤੀ। ਨਾਲ ਹੀ ਖਪਤਕਾਰਾਂ ਨੂੰ ਵੀ ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਨਜ਼ਰ ਆਉਣ ’ਤੇ ਵਿਭਾਗ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.