ਤਾਜਾ ਖਬਰਾਂ
ਪਿੰਡ ਘੱਲ ਕਲਾਂ (ਮੋਗਾ) ਦੇ ਰਹਿਣ ਵਾਲੇ ਮੂਰਤੀ ਕਲਾਕਾਰ ਮਨਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਸ਼ਿਆਂ ਵਿਰੁੱਧ ਅਸਲ ਜੰਗ ਲੜਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਇੱਕ ਬੇਹੱਦ ਖਾਸ ਅਤੇ ਪ੍ਰੇਰਣਾਦਾਇਕ ਅੰਦਾਜ਼ ਵਿੱਚ ਸ਼ਰਧਾਂਜਲੀ ਭੇਟ ਕੀਤੀ ਹੈ। ਮਨਜੀਤ ਸਿੰਘ ਗਿੱਲ ਵੱਲੋਂ ਪਰਵਿੰਦਰ ਸਿੰਘ ਝੋਟਾ ਦੀ ਯਾਦ ਵਿੱਚ ਦੋ ਵਿਸ਼ੇਸ਼ ਬੁੱਤ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ 7 ਫੁੱਟ 3 ਇੰਚ ਉੱਚਾ ਮੈਟਲ (ਧਾਤ) ਦਾ ਬੁੱਤ ਹੋਵੇਗਾ ਅਤੇ ਦੂਜਾ ਢਾਈ ਫੁੱਟ ਉੱਚਾ ਫਾਈਬਰ ਦਾ ਬੁੱਤ ਤਿਆਰ ਕੀਤਾ ਜਾ ਰਿਹਾ ਹੈ।
ਕਲਾਕਾਰ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ 7 ਫੁੱਟ 3 ਇੰਚ ਦਾ ਮੈਟਲ ਵਾਲਾ ਵਿਸ਼ਾਲ ਬੁੱਤ ਸਤਿਕਾਰ ਸਹਿਤ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਸੌਂਪਿਆ ਜਾਵੇਗਾ, ਜਦੋਂ ਕਿ ਢਾਈ ਫੁੱਟ ਦਾ ਫਾਈਬਰ ਬੁੱਤ ਉਹ ਆਪਣੇ ਘਰ ਦੀ ਨਿੱਜੀ ਕਲੈਕਸ਼ਨ ਵਿੱਚ ਸੁਸ਼ੋਭਿਤ ਕਰਨਗੇ।
ਇਸ ਨੇਕ ਕਾਰਜ ਬਾਰੇ ਗੱਲ ਕਰਦਿਆਂ ਕਲਾਕਾਰ ਮਨਜੀਤ ਸਿੰਘ ਗਿੱਲ ਨੇ ਖੁਲਾਸਾ ਕੀਤਾ ਕਿ ਪਰਵਿੰਦਰ ਸਿੰਘ ਝੋਟਾ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਨੂੰ ਕਈ ਥਾਵਾਂ ਤੋਂ ਫੋਨ ਆਏ ਸਨ ਕਿ ਉਹ ਵੀ ਅਜਿਹਾ ਬੁੱਤ ਬਣਵਾਉਣਾ ਚਾਹੁੰਦੇ ਹਨ ਅਤੇ ਕਈਆਂ ਨੇ ਵਿੱਤੀ ਮੱਦਦ ਦੀ ਪੇਸ਼ਕਸ਼ ਵੀ ਕੀਤੀ। ਪਰ ਇਸ ਪਰਿਵਾਰ ਨੇ ਮਾਨਯੋਗ ਫ਼ੈਸਲਾ ਲੈਂਦਿਆਂ ਕਿਸੇ ਵੀ ਬਾਹਰੀ ਫੰਡ ਜਾਂ ਪੈਸੇ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਖੇਤੀਬਾੜੀ ਕਿੱਤੇ ਦੀ ਹਲਕੀ ਜਿਹੀ ਕਮਾਈ ਵਿੱਚੋਂ ਹੀ ਇਨ੍ਹਾਂ ਬੁੱਤਾਂ ਦੀ ਤਿਆਰੀ ਦਾ ਪੂਰਾ ਖਰਚਾ ਖੁਦ ਚੁੱਕਿਆ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਬੁੱਤਾਂ ਨੂੰ ਘੜਨ ਦਾ ਕੰਮ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਹੈ ਅਤੇ ਕਲਾਕਾਰ ਮੁਤਾਬਕ ਅਗਲੇ ਇੱਕ-ਦੋ ਦਿਨਾਂ ਵਿੱਚ ਮੈਟਲ ਦਾ ਇਹ ਬੁੱਤ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ, ਜਿਸ ਨੂੰ ਜਲਦੀ ਹੀ ਉਨ੍ਹਾਂ ਦੇ ਪਰਿਵਾਰ ਨੂੰ ਸਤਿਕਾਰ ਨਾਲ ਭੇਟ ਕੀਤਾ ਜਾਵੇਗਾ। ਮਨਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਇਹ ਨਿਵੇਕਲੀ ਪਹਿਲ ਨਾ ਸਿਰਫ਼ ਮਰਹੂਮ ਪਰਵਿੰਦਰ ਸਿੰਘ ਝੋਟਾ ਦੀ ਕੁਰਬਾਨੀ ਨੂੰ ਸਿਜਦਾ ਕਰਦੀ ਹੈ, ਸਗੋਂ ਸਮਾਜ ਵਿੱਚ ਸੱਚੇ ਨਾਇਕਾਂ ਨੂੰ ਯਾਦ ਰੱਖਣ ਦੀ ਇੱਕ ਵੱਡੀ ਮਿਸਾਲ ਵੀ ਕਾਇਮ ਕਰਦੀ ਹੈ।
Get all latest content delivered to your email a few times a month.