ਤਾਜਾ ਖਬਰਾਂ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅੱਖ ਦੇ ਆਪ੍ਰੇਸ਼ਨ ਦੇ ਸਿਲਸਿਲੇ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਰਾਜੋਆਣਾ ਨੂੰ ਜਦੋਂ ਪੁਲਿਸ ਵੈਨ ਵਿੱਚ ਬਿਠਾ ਕੇ ਲਿਜਾਇਆ ਜਾ ਰਿਹਾ ਸੀ, ਤਾਂ ਮੀਡੀਆ ਨਾਲ ਹੋਈ ਸੰਖੇਪ ਮੁਲਾਕਾਤ ਦੌਰਾਨ ਉਨ੍ਹਾਂ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਨੂੰ ਸਲਾਮ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਹਾਲਾਂਕਿ, ਪੁਲਿਸ ਵੱਲੋਂ ਉਨ੍ਹਾਂ ਨੂੰ ਤੁਰੰਤ ਵੈਨ ਦੇ ਅੰਦਰ ਲੈ ਜਾਣ ਕਾਰਨ ਉਹ ਆਪਣੀ ਗੱਲ ਪੂਰੀ ਨਹੀਂ ਕਰ ਸਕੇ।
ਇਸ ਦੌਰਾਨ, ਮਾਨਸਾ ਵਿੱਚ ਵਾਪਰੇ ਇਸ ਚਰਚਿਤ ਕਤਲਕਾਂਡ ਦੀ ਜਾਂਚ ਵਿੱਚ ਵੱਡਾ ਮੋੜ ਆਇਆ ਹੈ। ਕੇਂਦਰੀ ਜਾਂਚ ਬਿਊਰੋ (CBI) ਨੇ ਇਸ ਮਾਮਲੇ ਦੀ ਰਸਮੀ ਤੌਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਦੀ ਚੰਡੀਗੜ੍ਹ ਸਥਿਤ ਵਿਸ਼ੇਸ਼ ਅਪਰਾਧ ਸ਼ਾਖਾ ਵੱਲੋਂ ਨਵੀਂ ਐੱਫਆਈਆਰ ਦਰਜ ਕਰਕੇ ਕੇਸ ਆਪਣੇ ਹੱਥ ਵਿੱਚ ਲੈ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸੌਂਪੀ ਗਈ ਹੈ, ਜਦੋਂ ਕਿ ਸਮੁੱਚੀ ਜਾਂਚ ਦੀ ਨਿਗਰਾਨੀ ਡੀਆਈਜੀ ਡਾ. ਨਵਦੀਪ ਸਿੰਘ ਬਰਾੜ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ, ਸੀਬੀਆਈ ਨੇ ਇਸ ਮਾਮਲੇ ਵਿੱਚ ਐੱਫਆਈਆਰ ਨੰਬਰ RC0512026S0003 ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਇਹ ਮਾਮਲਾ ਮਾਨਸਾ ਦੇ ਥਾਣਾ ਸਿਟੀ-2 ਵਿੱਚ ਐੱਫਆਈਆਰ ਨੰਬਰ 269 (ਮਿਤੀ 14 ਅਕਤੂਬਰ 2026) ਤਹਿਤ ਦਰਜ ਕੀਤਾ ਗਿਆ ਸੀ।
ਕਤਲ ਦੀ ਇਹ ਘਟਨਾ 13 ਅਕਤੂਬਰ 2026 ਨੂੰ ਸਵੇਰੇ ਕਰੀਬ 9:00 ਤੋਂ 10:30 ਵਜੇ ਦੇ ਦਰਮਿਆਨ ਮਾਨਸਾ ਵਿਖੇ ਅਸ਼ਵਨੀ ਮੈਡੀਕਲ ਸਟੋਰ ਦੇ ਨੇੜੇ ਵਾਪਰੀ ਸੀ। ਮ੍ਰਿਤਕ ਦੇ ਪਿਤਾ ਭੀਮ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਸ਼ਵਨੀ ਕੁਮਾਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਗਈ ਸੀ। ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ (BNS), 2023 ਦੀਆਂ ਧਾਰਾਵਾਂ 103(1), 109, 118(1), 61(2) ਅਤੇ 3(5) ਦੇ ਨਾਲ-ਨਾਲ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਕੇਸ ਦਰਜ ਹੈ।
ਇਸ ਸੰਵੇਦਨਸ਼ੀਲ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ 20 ਅਕਤੂਬਰ 2026 ਨੂੰ ਜਾਂਚ ਸੀਬੀਆਈ ਨੂੰ ਸੌਂਪਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਦੇ ਕਾਰਮਿਕ ਅਤੇ ਸਿਖਲਾਈ ਵਿਭਾਗ ਵੱਲੋਂ 21 ਅਕਤੂਬਰ ਨੂੰ ਦਿੱਲੀ ਵਿਸ਼ੇਸ਼ ਪੁਲਿਸ ਸਥਾਪਨਾ ਐਕਟ, 1946 ਦੀਆਂ ਧਾਰਾਵਾਂ 5 ਅਤੇ 6 ਤਹਿਤ ਲੋੜੀਂਦੀ ਪ੍ਰਵਾਨਗੀ ਦਿੱਤੀ ਗਈ, ਜਿਸ ਦੇ ਆਧਾਰ ‘ਤੇ ਕੇਂਦਰੀ ਜਾਂਚ ਏਜੰਸੀ ਨੇ ਹੁਣ ਅਧਿਕਾਰਤ ਤੌਰ ‘ਤੇ ਕਾਰਵਾਈ ਆਰੰਭ ਦਿੱਤੀ ਹੈ।
Get all latest content delivered to your email a few times a month.