ਤਾਜਾ ਖਬਰਾਂ
ਅੰਮ੍ਰਿਤਸਰ ਦੇ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਵਿਰੋਧੀਆਂ 'ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ 'ਤੇ ਝੂਠੀ ਅਤੇ ਗੰਦੀ ਰਾਜਨੀਤੀ ਕਰਨ ਦੇ ਦੋਸ਼ ਲਗਾਏ ਹਨ। ਤਲਬੀਰ ਗਿੱਲ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਬਿਨਾਂ ਵਜ੍ਹਾ ਮੁੱਦਿਆਂ ਨੂੰ ਹਵਾ ਦੇ ਕੇ ਰੋਜ਼ਾਨਾ ਪ੍ਰੈੱਸ ਕਾਨਫਰੰਸਾਂ ਕਰਦੇ ਹਨ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਗਿੱਲ ਨੇ ਪਿਛਲੇ ਕੁੱਝ ਦਿਨਾਂ ਤੋਂ ਸਰਪੰਚ ਜਤਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਚੱਲ ਰਹੇ ਵਿਵਾਦ 'ਤੇ ਬੋਲਦਿਆਂ ਸਪੱਸ਼ਟ ਕੀਤਾ ਕਿ ਇਹ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਗੁਰਸਿੱਖੀ ਅਤੇ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਜਤਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਪੁਰਾਣੀਆਂ ਤਸਵੀਰਾਂ, ਵੀਡੀਓਜ਼ ਅਤੇ ਦਸਤਾਵੇਜ਼ੀ ਸਬੂਤ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਇਹ ਪਰਿਵਾਰ ਪਹਿਲਾਂ ਵਿਰੋਧੀ ਨੇਤਾਵਾਂ ਦੇ ਬਹੁਤ ਨਜ਼ਦੀਕੀ ਸੀ। ਪਰ ਵਿਰੋਧੀ ਧਿਰ ਦੀਆਂ ਮਾੜੀਆਂ ਨੀਤੀਆਂ ਅਤੇ ਨਿੱਜੀ ਰੰਜਿਸ਼ਾਂ ਕਾਰਨ ਜਦੋਂ ਇਸ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ, ਤਾਂ ਹੁਣ ਉਨ੍ਹਾਂ ਨੂੰ ਬਦਨਾਮ ਕਰਨ ਲਈ "ਗੁੰਡੇ", "ਗੈਂਗਸਟਰ" ਅਤੇ "ਅੱਤਵਾਦੀ" ਵਰਗੇ ਸ਼ਬਦ ਵਰਤੇ ਜਾ ਰਹੇ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਜਤਿੰਦਰ ਸਿੰਘ ਦੀ ਪਤਨੀ ਹਰਮੀਤ ਕੌਰ (ਜੋ ਕਿ ਐੱਮ.ਕਾਮ, ਨੈੱਟ-ਜੇ.ਆਰ.ਐੱਫ. ਕੁਆਲੀਫਾਈਡ ਹਨ) ਨੇ ਵੀ ਆਪਣੇ ਪਰਿਵਾਰ ਦਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਹੋਣ ਵਾਲੀਆਂ ਛੋਟੀਆਂ-ਮੋਟੀਆਂ ਨਿੱਜੀ ਲੜਾਈਆਂ ਅਤੇ ਪੰਚਾਇਤੀ ਇਲੈਕਸ਼ਨਾਂ ਦੇ ਵਿਵਾਦਾਂ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਆਪਣੇ ਵੋਟ ਬੈਂਕ ਖਿਸਕਣ ਦੇ ਡਰੋਂ ਪਰਿਵਾਰ 'ਤੇ ਝੂਠੇ ਪਰਚੇ ਅਤੇ ਦਹਿਸ਼ਤ ਦਾ ਮਾਹੌਲ ਬਣਾ ਰਹੀਆਂ ਹਨ।
ਤਲਬੀਰ ਗਿੱਲ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਵਿਰੋਧੀ ਨੇਤਾਵਾਂ ਕੋਲ ਉਨ੍ਹਾਂ ਦੇ ਦੋਸ਼ਾਂ ਦਾ ਕੋਈ ਸੱਚਾ ਸਬੂਤ ਹੈ ਤਾਂ ਉਹ ਅਦਾਲਤ ਜਾਂ ਕਾਨੂੰਨ ਸਾਹਮਣੇ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਮਾਝੇ ਦੀ ਰਾਜਨੀਤੀ ਨੂੰ ਗੰਧਲਾ ਕਰਨ ਵਾਲੇ ਨੇਤਾਵਾਂ ਦਾ ਅਸਲ ਚਿਹਰਾ ਹੁਣ ਜਨਤਾ ਸਾਹਮਣੇ ਆ ਚੁੱਕਾ ਹੈ। ਆਮ ਆਦਮੀ ਪਾਰਟੀ ਹਮੇਸ਼ਾ ਇਮਾਨਦਾਰੀ, ਵਿਕਾਸ ਅਤੇ ਲੋਕਾਂ ਦੀ ਸੇਵਾ ਦੀ ਰਾਜਨੀਤੀ ਕਰਦੀ ਰਹੇਗੀ ਅਤੇ ਹਲਕੇ ਦੇ ਲੋਕਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
Get all latest content delivered to your email a few times a month.