ਤਾਜਾ ਖਬਰਾਂ
ਭਾਰਤ ਦੀ ਤਾਰੋਂ ਪਾਰ ਤੋਂ ਆ ਰਹੀ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਹੀ ਅੰਮ੍ਰਿਤਸਰ ਪੁਲਿਸ ਜੱਦੋਜਹਿਦ ਕਰ ਰਹੀ ਹੈ ਅਤੇ ਜਿਸ ਦੇ ਚਲਦਿਆਂ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਪਿਸਤੌਲ, ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਇਸ ਨੈੱਟਵਰਕ ਦੇ ਸਬੰਧ ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਨਾਲ ਹੋਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਕੁੱਲ 10 ਪਿਸਤੌਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਤਿੰਨ ਗਲੌਕ 9 ਐੱਮਐੱਮ ਅਤੇ ਸੱਤ .30 ਬੋਰ ਦੇ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਨੇ 1.022 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਹ ਕਾਰਵਾਈ ਅੰਮ੍ਰਿਤਸਰ ਦੇ ਕੈਂਟੋਨਮੈਂਟ ਇਲਾਕੇ ਵਿੱਚ ਕੀਤੀ ਗਈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਰਾਜਬੀਰ ਸਿੰਘ ਉਰਫ਼ ਰਾਜਾ, ਗੌਤਮ ਉਰਫ਼ ਅਜੈ ਅਤੇ ਰਵੀ ਸ਼ੇਰ ਸਿੰਘ ਵਜੋਂ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਰਾਜਬੀਰ ਸਿੰਘ ਉਰਫ਼ ਰਾਜਾ ਦੀ ਉਮਰ 24 ਸਾਲ ਹੈ ਅਤੇ ਉਹ ਪਲੰਬਰ ਦਾ ਕੰਮ ਕਰਦਾ ਹੈ। ਪੁਲਿਸ ਮੁਤਾਬਕ ਉਸ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਪੰਜ ਮਾਮਲੇ ਦਰਜ ਹਨ ਅਤੇ ਆਰਮਜ਼ ਐਕਟ ਤਹਿਤ ਵੀ ਮਾਮਲਾ ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਮੁਲਜ਼ਮ ਗੌਤਮ ਉਰਫ਼ ਅਜੈ ਦੀ ਉਮਰ 28 ਸਾਲ ਹੈ ਅਤੇ ਉਹ ਬਾਊਂਸਰ ਵਜੋਂ ਕੰਮ ਕਰਦਾ ਹੈ। ਉਸ ਖ਼ਿਲਾਫ਼ ਵੀ ਆਰਮਜ਼ ਐਕਟ ਤਹਿਤ ਦੋ ਮਾਮਲੇ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਤੀਜਾ ਮੁਲਜ਼ਮ ਰਵੀ ਸ਼ੇਰ ਸਿੰਘ ਮਜ਼ਦੂਰੀ ਕਰਦਾ ਹੈ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਇਸ ਨੈੱਟਵਰਕ ਦੇ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸੰਪਰਕ ਹੋਣ ਦਾ ਸ਼ੱਕ ਹੈ। ਪੁਲਿਸ ਅਨੁਸਾਰ ਰਵੀ ਸ਼ੇਰ ਸਿੰਘ ਹਥਿਆਰਾਂ ਦੀ ਸਪਲਾਈ ਲਈ ਸਰਹੱਦ ਪਾਰ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸੀ, ਜਦਕਿ ਗੌਤਮ ਅਤੇ ਰਾਜਬੀਰ ਹਥਿਆਰਾਂ ਨੂੰ ਅੱਗੇ ਪਹੁੰਚਾਉਣ ਦਾ ਕੰਮ ਕਰਦੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਥਿਤ ਤੌਰ ’ਤੇ ਸੋਸ਼ਲ ਮੀਡੀਆ, ਖ਼ਾਸ ਕਰਕੇ ਇੰਸਟਾਗ੍ਰਾਮ, ਰਾਹੀਂ ਸੰਪਰਕ ਅਤੇ ਹਥਿਆਰਾਂ ਦੀ ਸਪਲਾਈ ਸਬੰਧੀ ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਥਿਆਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਅਤੇ ਫਿਰੌਤੀ ਮੰਗਣ ਵਾਲੇ ਅਨਸਰਾਂ ਤੱਕ ਪਹੁੰਚਾਏ ਜਾਂਦੇ ਸਨ। ਇਸ ਮਾਮਲੇ ਵਿੱਚ ਥਾਣਾ ਕੈਂਟੋਨਮੈਂਟ, ਅੰਮ੍ਰਿਤਸਰ ਵਿਖੇ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਹੁਣ ਮੁਲਜ਼ਮਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਜਾਂਚ ਕਰ ਰਹੀ ਹੈ, ਤਾਂ ਜੋ ਹਥਿਆਰਾਂ ਅਤੇ ਨਸ਼ੇ ਦੀ ਸਪਲਾਈ ਦੇ ਸਰੋਤਾਂ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਵੱਲੋਂ ਹੋਰ ਛਾਪੇਮਾਰੀ ਅਤੇ ਸੰਭਾਵਿਤ ਗ੍ਰਿਫ਼ਤਾਰੀਆਂ ਲਈ ਵੀ ਜਾਂਚ ਅੱਗੇ ਵਧਾਈ ਜਾ ਰਹੀ ਹੈ।
Get all latest content delivered to your email a few times a month.