IMG-LOGO
ਹੋਮ ਪੰਜਾਬ: ਜੰਡਿਆਲਾ ਗੁਰੂ 'ਚ ਨਾਜਾਇਜ਼ ਪਟਾਕੇ ਬਣਾਉਣ ਵਾਲੇ ਟਿਕਾਣੇ ’ਤੇ ਪੁਲਿਸ...

ਜੰਡਿਆਲਾ ਗੁਰੂ 'ਚ ਨਾਜਾਇਜ਼ ਪਟਾਕੇ ਬਣਾਉਣ ਵਾਲੇ ਟਿਕਾਣੇ ’ਤੇ ਪੁਲਿਸ ਦੀ ਰੇਡ, ਵਿਸਫੋਟਕ ਸਮੱਗਰੀ ਬਰਾਮਦ; ਹਥਿਆਰਾਂ ਸਮੇਤ ਸ਼ੱਕੀ ਵਿਅਕਤੀ ਵੀ ਕਾਬੂ

Admin User - Oct 18, 2026 08:44 PM
IMG

ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜੰਡਿਆਲਾ ਗੁਰੂ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰਦੇ ਹੋਏ ਵਿਸ਼ੇਸ਼ ਚੈਕਿੰਗ ਅਤੇ ਨਾਕਾਬੰਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਨਾਜਾਇਜ਼ ਪਟਾਕੇ ਤਿਆਰ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ, ਵੱਖਰੀ ਕਾਰਵਾਈ ਦੌਰਾਨ ਹਥਿਆਰ ਅਤੇ ਨਕਦੀ ਬਰਾਮਦ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।

ਡੀਐੱਸਪੀ ਬਲਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਵਡਾਲਾ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਜਤਿੰਦਰ ਪਾਲ ਨੂੰ ਸੂਚਨਾ ਮਿਲੀ ਸੀ ਕਿ ਵਡਾਲਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਇੱਕ ਕਿਰਾਏ ਦੇ ਮਕਾਨ ਅੰਦਰ ਬਿਨਾਂ ਮਨਜ਼ੂਰੀ ਪਟਾਕੇ ਤਿਆਰ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਪੁਲਿਸ ਟੀਮ ਨੇ ਤੁਰੰਤ ਛਾਪਾ ਮਾਰ ਕੇ ਮੌਕੇ ਤੋਂ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਅਤੇ ਹੋਰ ਸਾਮਾਨ ਜ਼ਬਤ ਕਰ ਲਿਆ।

ਪੁਲਿਸ ਮੁਤਾਬਕ, ਛਾਪੇ ਦੌਰਾਨ 1,200 ਹਵਾਈਆਂ, 300 ਗ੍ਰਾਮ ਪੋਟਾਸ਼, ਕੋਲਾ, 1,550 ਕਿਲੋਗ੍ਰਾਮ ਨਿੰਜਾ ਸਮੱਗਰੀ ਅਤੇ ਪਟਾਕੇ ਬਣਾਉਣ ਲਈ ਵਰਤੇ ਜਾਂਦੇ ਪਲਾਸਟਿਕ ਦੇ ਉਪਕਰਣ ਬਰਾਮਦ ਹੋਏ ਹਨ। ਇਸ ਮਾਮਲੇ ਵਿੱਚ ਸਾਹਿਬ ਸਿੰਘ, ਸ਼ਿਵਾ ਅਤੇ ਕਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਜੰਡਿਆਲਾ ਗੁਰੂ ਵਿੱਚ ਐੱਫਆਈਆਰ ਨੰਬਰ 335 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਕਾਨ ਮਾਲਕ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇੱਕ ਹੋਰ ਕਾਰਵਾਈ ਵਿੱਚ ਨਵਾਂ ਪਿੰਡ ਪੁਲਿਸ ਚੌਕੀ ਦੀ ਟੀਮ ਨੇ ਏਐੱਸਆਈ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਨੈਸ਼ਨਲ ਹਾਈਵੇਅ ’ਤੇ ਹਵੇਲੀ ਨੇੜੇ ਨਾਕਾਬੰਦੀ ਦੌਰਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਸ਼ੱਕੀ ਵਿਅਕਤੀਆਂ ਨੂੰ ਰੋਕਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 9 ਐੱਮਐੱਮ ਗਲੌਕ ਪਿਸਤੌਲ, ਇੱਕ ਮੈਗਜ਼ੀਨ, ਤਿੰਨ ਜ਼ਿੰਦਾ ਕਾਰਤੂਸ ਅਤੇ 1,05,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਪੁਲਿਸ ਅਨੁਸਾਰ, ਮੁਲਜ਼ਮਾਂ ਦੇ ਮੋਬਾਈਲ ਫ਼ੋਨਾਂ ਦੀ ਮੁੱਢਲੀ ਜਾਂਚ ਵਿੱਚ ਪਾਕਿਸਤਾਨ ਵਿੱਚ ਮੌਜੂਦ ਸ਼ੱਕੀ ਵਿਅਕਤੀਆਂ ਨਾਲ ਸੰਪਰਕ ਹੋਣ ਦੇ ਸੰਕੇਤ ਮਿਲੇ ਹਨ।

ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ। ਹੁਣ ਪੁੱਛਗਿੱਛ ਰਾਹੀਂ ਹਥਿਆਰਾਂ ਦੀ ਸਪਲਾਈ ਅਤੇ ਹੋਰ ਸੰਭਾਵੀ ਸੰਪਰਕਾਂ ਬਾਰੇ ਜਾਣਕਾਰੀ ਜੁਟਾਈ ਜਾ ਰਹੀ ਹੈ।

ਡੀਐੱਸਪੀ ਬਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਸਿਰਫ਼ ਮਨਜ਼ੂਰਸ਼ੁਦਾ ਗ੍ਰੀਨ ਪਟਾਕਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਤਿਉਹਾਰ ਸ਼ਾਂਤੀਪੂਰਵਕ ਮਨਾਏ ਜਾਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.