ਤਾਜਾ ਖਬਰਾਂ
ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਛੀਨੌਰ ਰੋਡ 'ਤੇ ਐਤਵਾਰ ਤੜਕੇ ਕਰੀਬ ਡੇਢ ਵਜੇ ਝੋਨੇ ਨਾਲ ਲੱਦਿਆ ਇੱਕ ਬੇਕਾਬੂ ਟਰੱਕ ਪੁਲਿਸ ਬੈਰੀਕੇਡ ਤੋੜਦਾ ਹੋਇਆ ਸ਼ੀਤਲਾ ਮਾਤਾ ਮੰਦਰ ਵੱਲ ਜਾ ਰਹੇ ਸ਼ਰਧਾਲੂਆਂ 'ਤੇ ਚੜ੍ਹ ਗਿਆ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ 13 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 26 ਹੋਰ ਜ਼ਖਮੀ ਹੋਏ ਹਨ।
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ, ਜਿਸ ਇਲਾਕੇ ਵਿੱਚ ਇਹ ਹਾਦਸਾ ਵਾਪਰਿਆ, ਉੱਥੇ ਸੜਕ ਦੀ ਢਲਾਣ ਕਾਰਨ ਭਾਰੀ ਵਾਹਨਾਂ ਦੀ ਐਂਟਰੀ ਪਹਿਲਾਂ ਹੀ ਬੈਨ ਹੈ। ਇਸ ਦੇ ਬਾਵਜੂਦ ਟਰੱਕ ਨੇ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਕੀਤੀ ਸਗੋਂ ਪੁਲਿਸ ਵੱਲੋਂ ਲਾਏ ਗਏ ਬੈਰੀਕੇਡਾਂ ਨੂੰ ਵੀ ਦਰੜ ਦਿੱਤਾ। ਤੇਜ਼ ਰਫ਼ਤਾਰ ਅਤੇ ਭਾਰ ਕਾਰਨ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਟਰੱਕ ਸਿੱਧਾ ਮੰਦਰ ਦੇ ਗੇਟ ਅਤੇ ਬਾਹਰੀ ਕੰਧ ਨਾਲ ਜਾ ਟਕਰਾਇਆ। ਇਸ ਦੌਰਾਨ ਰਸਤੇ ਵਿੱਚ ਪੈਦਲ ਜਾ ਰਹੇ ਲੋਕ ਅਤੇ ਕੁਝ ਦੁਕਾਨਾਂ ਇਸ ਭਾਰੀ ਵਾਹਨ ਹੇਠਾਂ ਆ ਗਈਆਂ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸੀਨੀਅਰ ਪੁਲਿਸ ਅਧਿਕਾਰੀ ਧਰਮਵੀਰ ਸਿੰਘ ਨੇ ਇਸ ਘਟਨਾ ਨੂੰ ਅਤਿ-ਦੁਖਦਾਈ ਕਰਾਰ ਦਿੰਦਿਆਂ ਦੱਸਿਆ ਕਿ ਹਸਪਤਾਲ ਦਾਖਲ ਕਰਵਾਏ ਗਏ 39 ਲੋਕਾਂ ਵਿੱਚੋਂ 13 ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 5 ਤੋਂ 6 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ, ਜਦਕਿ ਬਾਕੀਆਂ ਦਾ ਇਲਾਜ ਜਾਰੀ ਹੈ। ਹਾਦਸੇ ਦੀ ਲਪੇਟ ਵਿੱਚ ਡਿਉਟੀ 'ਤੇ ਮੌਜੂਦ ਦੋ ਪੁਲਿਸ ਮੁਲਾਜ਼ਮ ਵੀ ਆਏ ਹਨ।
ਇਸ ਖੌਫ਼ਨਾਕ ਮੰਜ਼ਰ ਨੂੰ ਯਾਦ ਕਰਦਿਆਂ ਇੱਕ ਚਸ਼ਮਦੀਦ ਨੇ ਦੱਸਿਆ ਕਿ ਹਾਦਸੇ ਵੇਲੇ ਚਾਰੇ ਪਾਸੇ ਹਾਹਾਕਾਰ ਮੱਚ ਗਈ ਸੀ ਅਤੇ ਉਸ ਨੇ ਕਈ ਲੋਕਾਂ ਨੂੰ ਮੌਕੇ 'ਤੇ ਹੀ ਦਮ ਤੋੜਦਿਆਂ ਦੇਖਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਟਰੱਕ ਕਿਸ ਹਾਲਾਤ ਵਿੱਚ ਕੰਟਰੋਲ ਤੋਂ ਬਾਹਰ ਹੋਇਆ ਅਤੇ ਇਸ ਪਿੱਛੇ ਡਰਾਈਵਰ ਦੀ ਲਾਪਰਵਾਹੀ ਸੀ ਜਾਂ ਕੋਈ ਤਕਨੀਕੀ ਨੁਕਸ।
Get all latest content delivered to your email a few times a month.