ਤਾਜਾ ਖਬਰਾਂ
ਕਰਨਾਟਕ ਵਿੱਚ ਦਰਦਨਾਕ ਸੜਕ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰਾਜ ਵਿੱਚ ਪਿਛਲੇ ਕੁਝ ਘੰਟਿਆਂ ਦੌਰਾਨ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ ਇੱਕ 8 ਸਾਲਾ ਬੱਚੀ ਸਮੇਤ ਕੁੱਲ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ 30 ਤੋਂ ਵੱਧ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹਨਾਂ ਘਟਨਾਵਾਂ ਨੇ ਰਾਤ ਅਤੇ ਤੜਕੇ ਦੇ ਸਮੇਂ ਸਫ਼ਰ ਦੌਰਾਨ ਤੇਜ਼ ਰਫ਼ਤਾਰ ਅਤੇ ਲਾਪਰਵਾਹੀ 'ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਤਾਜ਼ਾ ਘਟਨਾ ਕਰਨਾਟਕ ਦੇ ਹੁੰਸੂਰ ਨੇੜੇ ਪੇਰੀਯਾਪੱਟਨਾ ਵਿਖੇ ਵਾਪਰੀ, ਜਿੱਥੇ ਕੇਰਲ ਦੇ ਕੋਜ਼ੀਕੋਡ ਤੋਂ ਬੈਂਗਲੁਰੂ ਆ ਰਹੀ ਇੱਕ ਕਾਵੇਰੀ AC ਸਲੀਪਰ ਬੱਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਹਾਦਸੇ ਵਿੱਚ ਬੱਸ ਅਤੇ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਮ੍ਰਿਤਕਾਂ ਦੀ ਪਛਾਣ: ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿੱਚੋਂ ਤਿੰਨ ਮ੍ਰਿਤਕਾਂ ਦੀ ਪਛਾਣ ਆਫ਼ਤਾਬ, ਸਾਜੇਸ਼ (36) ਅਤੇ ਸੁਨੀਲ ਵਜੋਂ ਹੋਈ ਹੈ, ਜੋ ਕਿ ਮੰਕਾਵੂ ਦੇ ਰਹਿਣ ਵਾਲੇ ਸਨ। ਚੌਥੇ ਮ੍ਰਿਤਕ ਦੀ ਪਛਾਣ ਹਾਲੇ ਬਾਕੀ ਹੈ।
ਰਾਹਤ ਅਤੇ ਬਚਾਅ ਕਾਰਜ: ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹੁੰਸੂਰ ਦੇ ਹਸਪਤਾਲ ਭੇਜ ਦਿੱਤਾ ਹੈ। 14 ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਵੀਰਵਾਰ ਤੜਕੇ ਹੁਬਲੀ ਨੇੜੇ ਇੱਕ ਹੋਰ ਖ਼ੌਫ਼ਨਾਕ ਹਾਦਸਾ ਵਾਪਰਿਆ। ਮੁੰਬਈ ਤੋਂ ਬੈਂਗਲੁਰੂ ਜਾ ਰਹੀ 26 ਯਾਤਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ 'ਚੱਬੀ ਕ੍ਰਾਸ' ਨੇੜੇ ਬੇਕਾਬੂ ਹੋ ਕੇ ਸੜਕ ਕਿਨਾਰੇ ਖੇਤਾਂ ਵਿੱਚ ਜਾ ਡਿੱਗੀ।
ਮਾਸੂਮ ਬੱਚੀ ਦੀ ਮੌਤ: ਇਸ ਹਾਦਸੇ ਵਿੱਚ ਇੱਕ 8 ਸਾਲ ਦੀ ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬੱਸ ਡਰਾਈਵਰ ਸਮੇਤ 16 ਯਾਤਰੀ ਗੰਭੀਰ ਜ਼ਖ਼ਮੀ ਹੋ ਗਏ।
ਤੇਜ਼ ਰਫ਼ਤਾਰ ਬਣੀ ਵਜ੍ਹਾ: ਐਸ.ਪੀ. (SP) ਗੁਣਜਨ ਆਰੀਆ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਡਰਾਈਵਰ ਨੇ ਗੱਡੀ ਤੋਂ ਸੰਤੁਲਨ ਗੁਆ ਦਿੱਤਾ।
ਡਰਾਈਵਰ ਦਾ ਰੈਸਕਿਊ: ਹਾਦਸੇ ਤੋਂ ਬਾਅਦ ਡਰਾਈਵਰ ਦੀ ਲੱਤ ਬੱਸ ਦੇ ਅੰਦਰ ਹੀ ਫਸ ਗਈ ਸੀ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਰੈਸਕਿਊ ਆਪ੍ਰੇਸ਼ਨ ਚਲਾ ਕੇ ਡਰਾਈਵਰ ਨੂੰ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਹਾ ਹੈ।
ਇਨ੍ਹਾਂ ਵਾਪਰੇ ਹਾਦਸਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਵੀ ਇੱਕ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸੜਕ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ।
Get all latest content delivered to your email a few times a month.