ਤਾਜਾ ਖਬਰਾਂ
ਪੰਜਾਬ ਦੇ ਅਸ਼ਵ ਪਾਲਣ ਖੇਤਰ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਅੰਮ੍ਰਿਤਸਰ, ਸੁਨਾਮ ਅਤੇ ਜਗਰਾਓਂ ਸਮੇਤ ਵੱਖ-ਵੱਖ ਹਿੱਸਿਆਂ ਵਿੱਚ ਉੱਚ ਨਸਲ ਦੇ 7 ਬੇਸ਼ਕੀਮਤੀ ਘੋੜਿਆਂ ਦੀਆਂ ਰਹੱਸਮਈ ਹਾਲਾਤਾਂ ਵਿੱਚ ਗੁਰਦੇ (ਕਿਡਨੀਆਂ) ਫ਼ੇਲ੍ਹ ਹੋਣ ਨਾਲ ਮੌਤ ਹੋ ਗਈ ਹੈ। ਇਨ੍ਹਾਂ ਮਾਰੇ ਗਏ ਮਾਰਵਾੜੀ ਅਤੇ ਨੁਕਰਾ ਨਸਲ ਦੇ ਘੋੜਿਆਂ ਦੀ ਬਾਜ਼ਾਰੀ ਕੀਮਤ 22 ਲੱਖ ਤੋਂ 40 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸੂਬੇ ਦੇ ਸਟੱਡ ਫ਼ਾਰਮ ਮਾਲਕਾਂ ਅਤੇ ਘੋੜਾ ਪਾਲਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ।
ਆਪਣੇ ਲੱਖਾਂ ਰੁਪਏ ਦੀ ਕੀਮਤ ਵਾਲੇ ਜਾਨਵਰਾਂ ਨੂੰ ਅੱਖਾਂ ਸਾਹਮਣੇ ਤੜਫ਼ਦਿਆਂ ਦੇਖ ਕੇ ਨਿਰਾਸ਼ ਹੋਏ ਮਾਲਕਾਂ ਨੇ ਇਨਸਾਫ਼ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ। ਮੈਡੀਕਲ ਦਸਤਾਵੇਜ਼ਾਂ ਅਤੇ ਕੇਸ ਸਟੱਡੀਜ਼ ਸਮੇਤ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਮਾਮਲੇ ਨੂੰ ਅੱਤ ਗੰਭੀਰ ਮੰਨਿਆ ਹੈ।
ਮਾਮਲੇ ਦੀ ਪੈਰਵੀ ਕਰ ਰਹੇ ਐਡਵੋਕੇਟ ਕਰਨਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਹਾਈਕੋਰਟ ਨੇ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਇਸ ਰਹੱਸਮਈ ਬਿਮਾਰੀ ਦੀ ਵਿਗਿਆਨਕ ਜਾਂਚ ਮੁਕੰਮਲ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਖ਼ਤੀ ਦਿਖਾਉਂਦਿਆਂ ਕਿਹਾ ਕਿ ਜੇਕਰ ਵਿਭਾਗ ਨਿਰਧਾਰਤ ਸਮੇਂ ਵਿੱਚ ਰਿਪੋਰਟ ਪੇਸ਼ ਕਰਨ ਵਿੱਚ ਅਸਫ਼ਲ ਰਿਹਾ, ਤਾਂ ਉਸ ਨੂੰ ਪੀੜਤ ਘੋੜਾ ਮਾਲਕਾਂ ਨੂੰ ਪ੍ਰਤੀ ਕੇਸ 50,000 ਰੁਪਏ ਦਾ ਮੁਆਵਜ਼ਾ ਦੇਣਾ ਪਵੇਗਾ।
ਵੈਟਰਨਰੀ ਮਾਹਿਰਾਂ ਦੀਆਂ ਜਾਂਚ ਰਿਪੋਰਟਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਮ ਤੌਰ 'ਤੇ ਨਰੋਏ ਘੋੜੇ ਵਿੱਚ ਸੀਰਮ ਕ੍ਰਿਏਟੀਨਾਈਨ ਦਾ ਆਮ ਪੱਧਰ 0.5 ਤੋਂ 2.0 ਮਿਲੀਗ੍ਰਾਮ ਪ੍ਰਤੀ ਡੈਸੀਲੀਟਰ ਹੁੰਦਾ ਹੈ। ਹਾਲਾਂਕਿ, ਮਾਰੇ ਗਏ ਇਨ੍ਹਾਂ ਸਾਰੇ ਘੋੜਿਆਂ ਵਿੱਚ ਇਹ ਪੱਧਰ 8 ਤੋਂ 10.45 ਮਿਲੀਗ੍ਰਾਮ ਤੱਕ ਪਹੁੰਚ ਚੁੱਕਾ ਸੀ, ਜੋ ਕਿ ਦੋਵੇਂ ਗੁਰਦੇ ਮੁਕੰਮਲ ਫ਼ੇਲ੍ਹ ਹੋਣ ਦੀ ਤਸਦੀਕ ਕਰਦਾ ਹੈ।
ਘੋੜਾ ਮਾਲਕਾਂ ਨੂੰ ਸ਼ੱਕ ਹੈ ਕਿ ਇਹ ਕਿਸੇ ਜ਼ਹਿਰੀਲੇ ਤੱਤ ਜਾਂ ਅਣਪਛਾਤੇ ਵਾਇਰਸ ਦਾ ਅਸਰ ਹੋ ਸਕਦਾ ਹੈ। ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਟੀਮਾਂ ਵੱਲੋਂ ਮ੍ਰਿਤਕ ਜਾਨਵਰਾਂ ਦੇ ਜ਼ਰੂਰੀ ਅੰਗ (ਵਿਸਰਾ) ਸੁਰੱਖਿਅਤ ਰੱਖ ਲਏ ਗਏ ਹਨ। ਦੂਜੇ ਪਾਸੇ, ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਵਿਗਿਆਨਕ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਣ ਦੀ ਗੱਲ ਕਹੀ ਹੈ।
ਪੰਜਾਬ ਵਿੱਚ ਘੋੜੇ ਪਾਲਣ ਦਾ ਸ਼ੌਕ ਸਦੀਆਂ ਪੁਰਾਣਾ, ਵਿਰਸੇ ਅਤੇ ਰੁਤਬੇ ਨਾਲ ਜੁੜਿਆ ਹੋਇਆ ਹੈ। ਧਾਰਮਿਕ ਸਮਾਗਮਾਂ, ਨਿਹੰਗ ਸਿੰਘਾਂ ਦੇ ਮਹੱਲੇ ਅਤੇ ਸੱਭਿਆਚਾਰਕ ਮੇਲਿਆਂ ਵਿੱਚ ਨੁਕਰੇ, ਮਾਰਵਾੜੀ, ਮਜੂਕੇ ਅਤੇ ਕਾਠੀਆਵਾੜੀ ਨਸਲਾਂ ਦੇ ਘੋੜੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੁੰਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਵਿੱਚ 32,500 ਤੋਂ ਵੱਧ ਘੋੜੇ ਹਨ ਅਤੇ ਇਹ ਬ੍ਰੀਡਿੰਗ ਕਾਰੋਬਾਰ ਰਾਜਸਥਾਨ, ਹਰਿਆਣਾ, ਗੁਜਰਾਤ ਤੇ ਯੂ.ਪੀ. ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਅਚਾਨਕ ਮੌਤਾਂ ਨੇ ਸਾਰੀ ਮੰਡੀ ਅਤੇ ਕਾਰੋਬਾਰੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
Get all latest content delivered to your email a few times a month.